ਪੱਤਰ ਪ੍ਰੇਰਕ
ਚੰਡੀਗੜ੍ਹ, 21 ਦਸੰਬਰ
ਅਸ਼ਲੀਲ ਕਾਲਾਂ ਤੋਂ ਪ੍ਰੇਸ਼ਾਨ ਕੌਮੀ ਸਿਹਤ ਮਿਸ਼ਨ ਤਹਿਤ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਨੇ ਅੱਜ ਇੱਥੇ ਮਿਸ਼ਨ ਡਾਇਰੈਕਟਰ ਕੁਮਾਰ ਰਾਹੁਲ ਨਾਲ ਮੀਟਿੰਗ ਕੀਤੀ। ਆਸ਼ਾ ਵਰਕਰਜ਼ ਤੇ ਫੈਸੀਲਿਟੇਟਰ ਯੂਨੀਅਨ ਨੇ ਵਰਕਰਾਂ ਦੀ ਇਸ ਪ੍ਰੇਸ਼ਾਨੀ ਨੂੰ ਤੁਰੰਤ ਹੱਲ ਕਰਵਾਉਣ ਦੀ ਅਪੀਲ ਕੀਤੀ। ਆਗੂਆਂ ਨੇ ਦੱਸਿਆ ਕਿ ਆਸ਼ਾ ਵਰਕਰਾਂ ਨੂੰ ਡਿਊਟੀ ਕਾਰਨ 24 ਘੰਟੇ ਮੋਬਾਈਲ ਚੱਲਦੇ ਰੱਖਣੇ ਪੈਂਦੇ ਹਨ ਪਰ ਕਈ ਵਰਕਰਾਂ ਨੂੰ ਰਾਤ ਵੇਲੇ ਵੱਖ-ਵੱਖ ਨੰਬਰਾਂ ਤੋਂ ਅਸ਼ਲੀਲ ਫੋਨ ਕਾਲਾਂ ਆਉਂਦੀਆਂ ਹਨ। ਨੰਬਰ ਬਲਾਕ ਕਰਨ ਦੇ ਬਾਵਜੂਦ ਬਦਲਵੇਂ ਨੰਬਰਾਂ ਤੋਂ ਫੋਨ ਆ ਰਹੇ ਹਨ, ਜਿਸ ਕਾਰਨ ਕਈ ਘਰਾਂ ਵਿੱਚ ਝਗੜੇ ਹੋ ਰਹੇ ਹਨ। ਮਜਥੇਬੰਦੀ ਦੀ ਸੂਬਾ ਪ੍ਰਧਾਨ ਸੁਖਵਿੰਦਰ ਕੌਰ, ਜਨਰਲ ਸਕੱਤਰ ਲਖਵਿੰਦਰ ਕੌਰ ਨੇ ਦੱਸਿਆ ਕਿ ਮਿਸ਼ਨ ਡਾਇਰੈਕਟਰ ਨੇ ਸਮੱਸਿਆ ਸਮੇਤ ਹੋਰ ਮੰਗਾਂ ਮੰਨਣ ਬਾਰੇ ਸਹਿਮਤੀ ਦਿੱਤੀ ਹੈ।