ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 8 ਅਕਤੂਬਰ
ਪੰਜਾਬ ਵਿਜੀਲੈਂਸ ਬਿਊਰੋ (ਉੱਡਣ ਦਸਤਾ-1) ਨੇ ਦਾਅਵਾ ਕੀਤਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਏਆਈਜੀ ਆਸ਼ੀਸ਼ ਕਪੂਰ ਨੇ ਮੁਹਾਲੀ ਵਿੱਚ ਨਵੀਂ ਕੋਠੀ ਬਣਾਉਣ ਲਈ ਕਥਿਤ ਰਿਸ਼ਵਤ ਦਾ ਪੈਸਾ ਖ਼ਰਚ ਕੀਤਾ ਹੈ।
ਜਾਣਕਾਰੀ ਅਨੁਸਾਰ ਏਆਈਜੀ ਆਸ਼ੀਸ਼ ਕਪੂਰ ਤੇ ਏਐੱਸਆਈ ਹਰਜਿੰਦਰ ਸਿੰਘ ਇਸ ਵੇਲੇ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਹਨ। ਵਿਜੀਲੈਂਸ ਬਿਊਰੋ ਦੇ ਏਆਈਜੀ ਮਨਮੋਹਨ ਕੁਮਾਰ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਆਸ਼ੀਸ਼ ਕਪੂਰ ਨੂੰ ਰਿਸ਼ਵਤ ਦੇ ਪੈਸਿਆਂ ਬਾਰੇ ਪੁੱਛੇ ਜਾਣ ’ਤੇ ਉਸ ਨੇ ਦੱਸਿਆ ਕਿ ਮੁਹਾਲੀ ਵਿੱਚ ਹਾਲ ਹੀ ’ਚ ਬਣਾਈ ਆਲੀਸ਼ਾਨ ਕੋਠੀ ’ਤੇ ਇੱਕ ਕਰੋੜ ਤੋਂ ਵੱਧ ਖ਼ਰਚਾ ਕੀਤਾ ਗਿਆ ਹੈ। ਵਿਜੀਲੈਂਸ ਅਨੁਸਾਰ ਕੋਠੀ ’ਤੇ ਲੱਗਿਆ ਪੈਸਾ ਰਿਸ਼ਵਤ ਦਾ ਜਾਪਦਾ ਹੈ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰੀ ਮਗਰੋਂ ਏਆਈਜੀ ਦੇ ਘਰ ਦੀ ਤਲਾਸ਼ੀ ਲੈਣ ਸਣੇ ਬੈਂਕ ਖਾਤਿਆਂ ਤੇ ਲਾਕਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ, ਜਿਸ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਂਜ ਏਆਈਜੀ ਮਨਮੋਹਨ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਡੀਐੱਸਪੀ ਇੰਟੈਲੀਜੈਂਸ ਪਵਨ ਕੁਮਾਰ ਦੀ ਗ੍ਰਿਫ਼ਤਾਰੀ ਅਹਿਮ ਹੈ, ਜਦਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ, ਉਦੋਂ ਪਵਨ ਕੁਮਾਰ ਜ਼ੀਰਕਪੁਰ ਥਾਣੇ ਵਿੱਚ ਬਤੌਰ ਐੱਸਐੱਚਓ ਤਾਇਨਾਤ ਸੀ। ਅਧਿਕਾਰੀ ਨੇ ਦੱਸਿਆ ਕਿ ਡੀਐੱਸਪੀ ਪਵਨ ਕੁਮਾਰ ਦੀ ਭਾਲ ਵਿੱਚ ਗੁਆਂਢੀ ਸੂਬਿਆਂ ਵਿੱਚ ਵੀ ਵਿਜੀਲੈਂਸ ਦੀਆਂ ਟੀਮਾਂ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਏਆਈਜੀ, ਡੀਐੱਸਪੀ ਤੇ ਏਐੱਸਆਈ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ।