ਖੇਤਰੀ ਪ੍ਰਤੀਨਿਧ
ਬਟਾਲਾ, 25 ਅਕਤੂਬਰ
ਸਥਾਨਕ ਸੇਖੜੀਆਂ ਮੁਹੱਲੇ ਵਿੱਚ ਆਰਡੀ ਖੋਸਲਾ ਸਕੂਲ ਨੇੜਲੇ ਮੈਦਾਨ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਮਨਾਏ ਗਏ ਦਸਹਿਰੇ ਦੌਰਾਨ ਸਾਬਕਾ ਕਾਂਗਰਸੀ ਮੰਤਰੀ ਅਸ਼ਵਨੀ ਸੇਖੜੀ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਉਹ ਰਾਵਣ ਦੇ ਪੁਤਲੇ ਨੂੰ ਅੱਗ ਲਾ ਰਹੇ ਸਨ। ਇਸ ਦੌਰਾਨ ਜਦੋਂ ਸ੍ਰੀ ਸੇਖੜੀ ਨੇ ਪੁਤਲੇ ਨੂੰ ਅੱਗ ਲਾਈ ਤਾਂ ਤੁਰੰਤ ਵੱਡਾ ਧਮਾਕਾ ਹੋਣ ਕਾਰਨ ਮੈਦਾਨ ’ਚ ਧੂੰਆਂ ਹੀ ਧੂੰਆਂ ਫੈਲ ਗਿਆ ਅਤੇ ਭਗਦੜ ਮੱਚ ਗਈ। ਸ੍ਰੀ ਸੇਖੜੀ ਦੇ ਸਾਥੀਆਂ ਨੇ ਉਨ੍ਹਾਂ ਨੂੰ ਸੰਭਾਲਿਆ ਤੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ। ਧਮਾਕੇ ਦਾ ਕਾਰਨ ਪੁਤਲਾ ਬਣਾਉਣ ਵਿੱਚ ਵਰਤੀ ਗਈ ਤਕਨੀਕੀ ਲਾਪ੍ਰਵਾਹੀ ਨੂੰ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਸ਼ਹਿਰ ਦੇ ਕਾਂਗਰਸੀ ਵਰਕਰ ਪਿਛਲੇ ਕੁਝ ਸਾਲਾਂ ਤੋਂ ਦਸਹਿਰਾ ਕਮੇਟੀ ਤੋਂ ਆਪਣੇ ਤੌਰ ’ਤੇ ਵੱਖਰਾ ਦਸਹਿਰਾ ਮਨਾਉਂਦੇ ਆ ਰਹੇ ਹਨ ਅਤੇ ਇਸ ਵਾਰ ਮੈਦਾਨ ਛੋਟਾ ਹੋਣ ਦੇ ਬਾਵਜੂਦ ਪੁਤਲਾ ਕਾਫੀ ਵੱਡਾ ਬਣਾ ਲਿਆ ਗਿਆ।