ਪੱਤਰ ਪ੍ਰੇਰਕ
ਅਬੋਹਰ, 11 ਜੁਲਾਈ
ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਦੇ ਸਿਟੀ ਥਾਣਾ-1, ਅਬੋਹਰ ਵਿੱਚ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਕ੍ਰਿਸ਼ਨ ਲਾਲ ਅਤੇ ਸਿਪਾਹੀ ਰਾਜ ਕੁਮਾਰ ਨੂੰ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਭੀਮ ਸੈਨ ਨੇ ਸ਼ਿਕਾਇਤ ਕੀਤੀ ਸੀ ਕਿ ਉਕਤ ਏਐੱਸਆਈ ਨੇ 17 ਮਾਰਚ, 2023 ਨੂੰ ਇੱਕ ਮਹਿਲਾ ਦੇ ਨਾਲ ਛੇੜਛਾੜ ਦੇ ਮਾਮਲੇ ਦਾ ਰਾਜ਼ੀਨਾਮਾ ਕਰਵਾਉਣ ਬਦਲੇ ਉਸ ਤੋਂ ਇਕ ਲੱਖ ਰੁਪਏ ਮੰਗੇ ਸਨ ਤੇ 50 ਹਜ਼ਾਰ ਰੁਪਏ ’ਚ ਗੱਲ ਪੱਕੀ ਹੋਈ ਸੀ। ਉਸੇ ਦਿਨ ਭੀਮ ਸੈਨ ਨੇ ਉਸ ਨੂੰ 20 ਹਜ਼ਾਰ ਦਿੱਤੇ ਸਨ। 26 ਮਾਰਚ, 2023 ਨੂੰ ਕਾਂਸਟੇਬਲ ਰਾਜ ਕੁਮਾਰ ਦੇ ਮੋਬਾਈਲ ਨੰਬਰ ’ਤੇ ਗੂਗਲ ਪੇਅ ਰਾਹੀਂ 15 ਹਜ਼ਾਰ ਰੁਪਏ ਅਦਾ ਕੀਤੇ ਸਨ। ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਉਕਤ ਏਐੱਸਆਈ ਤੇ ਸਿਪਾਹੀ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।