ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਮਈ
ਥਾਣਾ ਬੱਧਨੀ ਕਲਾਂ ਅਧੀਨ ਪੈਂਦੀ ਪੁਲੀਸ ਚੌਂਕੀ ਲੋਪੋਂ ਵਿੱਚ ਅੱਜ ਸਵੇਰੇ ਕਰੀਬ 7 ਵਜੇ ਏਐਸਆਈ ਸਤਨਾਮ ਸਿੰਘ ਨੇ ਸਰਕਾਰੀ ਪਿਸਟਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਏਐੱਸਆਈ ਵੱਲੋਂ ਲਿਖੇ ਖੁਦਕੁਸ਼ੀ ਨੋਟ ’ਚ ਉਸ ਨੇ ਐੱਸਅੇੈੱਚਓ ਉੱਤੇ 50 ਹਜ਼ਾਰ ਰੁਪਏ ਵੱਢੀ ਨਾ ਦਿਵਾਉਣ ਤੋਂ ਜ਼ਲੀਲ ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਏਐੱਸਆਈ ਨੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਕਿ ਉਹ ਦਲਿਤ ਜਾਤੀ ਨਾਲ ਸਬੰਧ ਰਖਦਾ ਹੈ ਅਤੇ ਮੂਲ ਰੂਪ ਵਿੱਚ ਥਾਣਾ ਬਾਘਾਪੁਰਾਣਾ ਅਧੀਨ ਪਿੰਡ ਜੈਮਲਵਾਲਾ ਦਾ ਰਹਿਣ ਵਾਲਾ ਹੈ। ਉਸ ਨੇ ਖੁਦਕੁਸ਼ੀ ਨੋਟ ਵਿੱਚ ਮੁਕੱਦਮੇ ਨੰਬਰ ਸਹਿਤ ਲਿਖਿਆ ਕਿ ਇਹ ਮਿਸਲਾਂ ਉਸ ਨੂੰ ਤਫ਼ਤੀਸ਼ ਲਈ ਦਿੱਤੀਆਂ ਗਈਆਂ ਸਨ।
ਇਨ੍ਹਾਂ ਮਿਸਲਾਂ ਦੇ ਸਬੰਧ ਵਿੱਚ ਉਸ ਨੇ ਹਲਕੇ ਦੇ ਪ੍ਰਭਾਵਸ਼ਾਲੀ ਪੰਚਾਇਤ ਸਕੱਤਰ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਥਾਣਾ ਬੱਧਨੀ ਕਲਾਂ ਐੱਸਐੱਚਓ ਕਰਮਜੀਤ ਸਿੰਘ ਉਸ ਉੱਤੇ ਦਬਾਅ ਪਾਉਂਦਾ ਰਿਹਾ ਕਿ ਉਹ 50 ਹਜ਼ਾਰ ਦੀ ਵੱਢੀ ਦਿਵਾਏ। ਉਸ ਵੱਲੋਂ ਅਜਿਹਾ ਨਾ ਕਰਨ ਉੱਤੇ ਉਸ ਨੂੰ ਜ਼ਲੀਲ ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਗਿਆ ਹੈ। ਉਧਰ ਏਐੱਸਆਈ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਬੰਧਤ ਥਾਣਾ ਮੁਖੀ ਖ਼ਿਲਾਫ਼ ਕਾਰਵਾਈ ਹੋਣ ਤੱਕ ਲਾਸ਼ ਦਾ ਪੋਸਟ ਮਾਰਟਮ ਨਹੀਂ ਕਰਵਾਉਣਗੇ। ਸੀਨੀਅਰ ਪੁਲੀਸ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਹਨ। ਪੀੜਤ ਪਰਿਵਾਰ ਨੁੰ ਇਨਸਾਫ਼ ਦਾ ਭਰੋਸਾ ਦਿੱਤਾ ਜਾ ਰਿਹਾ ਹੈ।