ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 6 ਸਤੰਬਰ
ਜ਼ਿਲ੍ਹਾ ਕਚਹਿਰੀਆਂ ਦੇ ਬਖਸ਼ੀਖਾਨੇ ਵਿੱਚ ਅੱਜ ਆਪਣੀ ਹੀ ਕਾਰਬਾਈਨ ਵਿੱਚੋਂ ਗੋਲੀ ਚੱਲਣ ਕਰਕੇ ਏਐੱਸਆਈ ਕੁਲਵਿੰਦਰ ਸਿੰਘ (53) ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਖੇਤਰ ਵਿਚ ਆਪਣੇ ਹੀ ਹਥਿਆਰ ਵਿਚੋਂ ਗੋਲੀ ਚੱਲਣ ਕਾਰਨ ਹੋਈ ਇਹ ਦੂਜੀ ਮੌਤ ਹੈ ਅਤੇ ਇਸ ਤੋਂ ਪਹਿਲਾਂ 21 ਅਗਸਤ ਨੂੰ ਪੁਲੀਸ ਲਾਈਨ ਆਪਣੇ ਸਰਵਿਸ ਰਿਵਾਲਵਰ ’ਚੋਂ ਗੋਲੀ ਲੱਗਣ ਕਰਕੇ ਏਐਸਆਈ ਕਾਸਮ ਅਲੀ (55) ਦੀ ਮੌਤ ਹੋ ਗਈ ਸੀ| ਜਾਣਕਾਰੀ ਅਨੁਸਾਰ ਏਐਸਆਈ ਕੁਲਵਿੰਦਰ ਸਿੰਘ ਅੱਜ ਪੁਲੀਸ ਲਾਈਨ ਵਿੱਚੋਂ ਕਾਰਬਾਈਨ ਰਿਲੀਜ਼ ਕਰਵਾ ਕੇ ਆਪਣੀ ਡਿਊਟੀ ’ਤੇ ਪੁੱਜਿਆ। ਉਹ ਜ਼ਿਲ੍ਹਾ ਜੇਲ੍ਹ ਵਿੱਚੋਂ ਕੈਦੀ ਲੈ ਕੇ ਕਚਹਿਰੀਆਂ ਦੇ ਬਖਸ਼ੀਖਾਨੇ ਆਇਆ ਸੀ ਕਿ ਉਸ ਦੀ ਕਾਰਬਾਈਨ ਵਿੱਚੋਂ ਗੋਲੀ ਚੱਲ ਗਈ ਜੋ ਉਸ ਦੀ ਗਰਦਨ ਨੇੜੇ ਲੱਗੀ। ਗੋਲੀ ਲੱਗਣ ਦੀ ਘਟਨਾ ਬਖਸ਼ੀਖਾਨੇ ਦੀ ਇਕ ਨੁੱਕਰ ਵਿੱਚ ਵਾਪਰੀ। ਪੁਲੀਸ ਅਧਿਕਾਰੀ ਜਗਦੀਸ਼ ਸਿੰਘ ਨੇ ਦੱਸਿਆ ਕਿ ਏਐੱਸਆਈ ਕੁਲਵਿੰਦਰ ਸਿੰਘ ਬੁਰਜ ਸਿੱਧਵਾਂ (ਮਲੋਟ) ਦਾ ਰਹਿਣ ਵਾਲਾ ਸੀ ਅਤੇ ਦੋ ਦਿਨ ਪਹਿਲਾਂ ਹੀ ਪੁਲੀਸ ਲਾਈਨ ਮੁਕਤਸਰ ਵਿੱਚ ਆਇਆ ਸੀ। ਉਹ ਇਸ ਤੋਂ ਪਹਿਲਾਂ ਆਬਕਾਰੀ ਵਿਭਾਗ ਵਿੱਚ ਡਿਊਟੀ ਕਰਦਾ ਸੀ। ਕੁਲਵਿੰਦਰ ਸਿੰਘ ਜਦੋਂ ਆਪਣੇ ਸਾਥੀ ਕਰਮਚਾਰੀਆਂ ਨਾਲ ਕੈਦੀਆਂ ਨੂੰ ਲੈ ਕੇ ਕਚਹਿਰੀਆਂ ਵਿੱਚ ਆਇਆ ਤਾਂ ਸਾਥੀ ਕਰਮਚਾਰੀ ਕੈਦੀਆਂ ਦੇ ਸੰਮਨ ਚੈਕ ਕਰਨ ਲੱਗੇ ਤਾਂ ਉਹ ਬਖਸ਼ੀਖਾਨੇ ਦੇ ਇਕ ਖੁੂੰਜੇ ਵਿੱਚ ਚਲਾ ਗਿਆ ਜਿਥੇ ਕਾਰਬਾਈਨ ਵਿੱਚੋਂ ਗੋਲੀ ਚੱਲਣ ਕਰਕੇ ਉਸ ਦੀ ਮੌਤ ਹੋ ਗਈ।