ਚੰਡੀਗੜ੍ਹ, 18 ਦਸੰਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਕੌਮਾਂਤਰੀ ਸਰਹੱਦ ਵਿੱਚ ਪਾਕਿਸਤਾਨੀ ਡਰੋਨ ਦੀ ਘੁਸਪੈਠ ਅਤੇ ਬੀਐੱਸਐੱਫ ਵੱਲੋਂ ਡਰੋਨ ਨੂੰ ਗੋਲੀ ਮਾਰ ਕੇ ਡੇਗਣ ਦੀ ਘਟਨਾ ਬਾਰੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਮੁਖੀ ਨਵਜੋਤ ਸਿੰਘ ਸਿੱਧੂ ’ਤੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਕਿਹਾ ਕਿ ਉਹ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਹਿਣ ਕਿ ਉਹ ਐਕਟਿਵ (ਕਾਰਜਸ਼ੀਲ) ਹੋ ਜਾਣ। ਕੈਪਟਨ ਨੇ ਟਵੀਟ ਕਰਦਿਆਂ ਕਿਹਾ ਕਿ ਸਾਰਾ ਦਿਨ ਭੰਗੜਾ ਪਾਉਣ ਦੀ ਥਾਂ ਮੁੱਖ ਮੰਤਰੀ ਚੰਨੀ ਨੂੰ ਗ੍ਰਹਿ ਮੰਤਰੀ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਐਕਟਿਵ ਰਹਿਣ। ਬੀਐੱਸਐੱਫ ਵੱਲੋਂ ਜਾਰੀ ਬਿਆਨ ਅਨੁਸਾਰ ਫਿਰੋਜ਼ਪੁਰ ਖੇਤਰ ਵਿੱਚ ਸ਼ੁੱਕਰਵਾਰ ਨੂੰ ਚੀਨ ਦਾ ਬਣਿਆ ਹੋਇਆ ਡਰੋਨ ਦੇਖਿਆ ਗਿਆ ਸੀ ਜਿਸ ਨੂੰ ਗੋਲੀ ਮਾਰ ਦਿੱਤੀ ਗਈ। ਇਸੇ ਟਵੀਟ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ’ਤੇ ਵੀ ਸ਼ਬਦੀ ਹਮਲਾ ਕੀਤਾ ਤੇ ਚੰਨੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਨੂੰ ਕਹਿਣ ਕਿ ਉਹ ਆਪਣੇ ਵੱਡੇ ਭਰਾ ਇਮਰਾਨ ਖਾਨ ਨੂੰ ਕਹੇ ਕਿ ਸਰਹੱਦੀ ਸੂਬੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। -ਪੀਟੀਆਈ