ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 23 ਅਕਤੂਬਰ
ਪਿੰਡ ਚੱਕ ਜਾਨੀਸਰ ’ਚ ਦਲਿਤ ਨੌਜਵਾਨ ਦੀ ਸਮੂਹਕ ਕੁੱਟਮਾਰ ਦੇ ਮਾਮਲੇ ’ਚ ਜ਼ਿਲ੍ਹਾ ਸੀਨੀਅਰ ਪੁਲੀਸ ਕਪਤਾਨ ਨੇ ਜਾਂਚ ਟੀਮ ਦੀ ਰਿਪੋਰਟ ਦਾ ਖ਼ੁਲਾਸਾ ਕਰਦਿਆਂ ਨੌੌਜਵਾਨ ਨੂੰ ਪਿਸ਼ਾਬ ਪਿਲਾਉਣ ਤੇ ਜਾਤੀਵਾਦਕ ਕੁੱਟਮਾਰ ਦੀ ਗੱਲ ਨੂੰ ਝੂਠਾ ਦੱਸਿਆ ਹੈ। ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ 8-9 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਗੁਰਨਾਮ ਸਿੰਘ ਵਾਸੀ ਚੱਕ ਮਦਰੱਸਾ, ਪਿੰਡ ਚੱਕ ਜਾਨੀਸਰ ਵਿਚ ਆਪਣੇ ਭਰਾ ਕੋਲ ਆਇਆ ਸੀ। ਊਸ ਨੂੰ ਚੋਰ ਸਮਝਦਿਆਂ ਊਸ ਦੀ ਸਮੂਹਕ ਕੁੱਟਮਾਰ ਕੀਤੀ ਗਈ। ਇਸ ਮਾਮਲੇ ’ਚ ਪੁਲੀਸ ਨੇ 6 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਅਤੇ ਚਾਰ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਜਾਂਚ ਕਮੇਟੀ ਦੀ ਰਿਪੋਰਟ ਅਨੁਸਾਰ ਪੀੜਤ ਨੂੰ ਪਿਸ਼ਾਬ ਪਿਲਾਉਣ ਤੇ ਜਾਤੀਵਾਦਕ ਕੁੱਟਮਾਰ ਕਰਨ ਦੀ ਗੱਲ ਝੂਠੀ ਸਾਬਤ ਹੋਈ ਹੈ ਪਰ ਊਸ ਨੂੰ ਚੋਰ ਸਮਝ ਕੇ ਕੁੱਟਿਆ ਗਿਆ ਹੈ।
ਸਰਪੰਚ ’ਤੇ ਐੱਸਸੀ ਐਕਟ ਤਹਿਤ ਕੇਸ ਦਾ ਹੁਕਮ
ਫਾਜ਼ਿਲਕਾ (ਪਰਮਜੀਤ ਸਿੰਘ): ਦਲਿਤ ਨੌਜਵਾਨ ਨੂੰ ਪਿਸ਼ਾਬ ਪਿਲਾਉਣ ਦੇ ਮਾਮਲੇ ਨੇ ਨਵਾਂ ਮੋੜ ਅਖ਼ਤਿਆਰ ਕਰ ਲਿਆ ਹੈ। ਬੀਤੇ ਕੱਲ੍ਹ ਦਲਿਤ ਨੌਜਵਾਨ ਦੇ ਘਰ ਆਏ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਦਲਿਤ ਪਰਿਵਾਰ ਦੀ ਹਮਾਇਤ ਕਰ ਰਹੇ ਅਕਾਲੀ ਸਰਪੰਚ ’ਤੇ ਐੱਸਸੀ ਐਕਟ ਤਹਿਤ ਮੁਕੱਦਮਾ ਦਰਜ ਕਰਨ ਦਾ ਹੁਕਮ ਚਾੜ੍ਹ ਦਿੱਤਾ ਹੈ। ਚੇਅਰਮੈਨ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਤੇ ਪੰਜਾਬ ਐਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਨੇ ਇਸ ਮਾਮਲੇ ਨੂੰ ਤੂਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਦਲਿਤ ਪਰਿਵਾਰ ਦਾ ਹਾਲ ਜਾਨਣ ਆਏ ਤਾਂ ਉਨ੍ਹਾਂ ਨੂੰ ਪਿੰਡ ਦੇ ਅਕਾਲੀ ਸਰਪੰਚ ਨੇ ਨਾਇਬ ਤਹਿਸੀਲਦਾਰ ਦੇ ਸਾਹਮਣੇ ਜਾਤੀਸੂਚਕ ਸ਼ਬਦ ਕਹਿ ਕੇ ਬੁਲਾਇਆ।