ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 11 ਜੂਨ
ਥਾਣਾ ਸਰਹਿੰਦ ਤਹਿਤ ਪ੍ਰੀਤ ਨਗਰ ਨੇੜੇ ਜੀਟੀ ਰੋਡ, ਸਰਹਿੰਦ ਵਿਚ ਇੱਕ ਬਜ਼ੁਰਗ ਜੋੜੇ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇਕ ਮੁਲਜ਼ਮ ਅਜੇ ਫ਼ਰਾਰ ਹੈ। ਐੱਸਪੀ (ਜਾਂਚ) ਹਰਪਾਲ ਸਿੰਘ ਨੇ ਦੱਸਿਆ ਕਿ ਬੀਤੀ 1 ਜੁਲਾਈ ਨੂੰ ਅਮਰਜੀਤ ਵਾਸੀ ਪ੍ਰੀਤ ਨਗਰ, ਵਾਰਡ ਨੰਬਰ 13, ਸਾਨੀਪੁਰ ਰੋਡ ਸਰਹਿੰਦ ਤੇ ਉਸ ਦੀ ਪਤਨੀ ਰਕਬਾ ਦੇਵੀ ਦੇ ਘਰ ਵੜ ਕੇ ਤਿੰਨ ਵਿਅਕਤੀਆਂ ਨੇ ਹਮਲਾ ਕੀਤਾ। ਮੁਲਜ਼ਮਾਂ ਦੀ ਪਛਾਣ ਪਰਮਿੰਦਰ ਸਿੰਘ ਉਰਫ਼ ਰਿੰਕੂ ਵਾਸੀ ਮੰਡੀ ਗੋਬਿੰਦਗੜ੍ਹ, ਅਵਤਾਰ ਸਿੰਘ ਵਾਸੀ ਸਾਨੀਪੁਰ ਰੋਡ ਰਾਮਦਾਸ ਨਗਰ ਸਰਹਿੰਦ ਅਤੇ ਤਰਨਜੀਤ ਸਿੰਘ ਉਰਫ਼ ਤਾਨਾ ਵਾਸੀ ਪਿੰਡ ਕੋਟਲਾ ਭੜੀ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮਾਂ ਨੇ ਦੱਸਿਆ ਕਿ ਊਨ੍ਹਾਂ ਪੀੜਤਾਂ ਦੇ ਭਾਣਜੇ ਗੁਰਪ੍ਰੀਤ ਸਿੰਘ ਉਰਫ਼ ਪੀਤਾ ਵਾਸੀ ਮੰਡੀ ਗੋਬਿੰਦਗੜ੍ਹ ਨਾਲ ਰਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ।