ਚਰਨਜੀਤ ਭੁੱਲਰ
ਚੰਡੀਗੜ੍ਹ, 17 ਦਸੰਬਰ
ਕਾਂਗਰਸ ਪਾਰਟੀ ਦੀ ਸਕਰੀਨਿੰਗ ਕਮੇਟੀ ਨੇ ਅੱਜ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਵਾਸਤੇ ਸਿਆਸੀ ਪੁਣਛਾਣ ਸ਼ੁਰੂ ਕਰ ਦਿੱਤੀ ਹੈ| ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਜੈ ਮਾਕਨ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਨੇ ਕਾਂਗਰਸ ਦੇ ਸਾਬਕਾ ਪ੍ਰਧਾਨਾਂ, ਮੌਜੂਦਾ ਵਜ਼ੀਰਾਂ ਅਤੇ ਸੀਨੀਅਰ ਆਗੂਆਂ ਨਾਲ ਦੇਰ ਸ਼ਾਮ ਤੱਕ ਵਿਚਾਰ ਚਰਚਾ ਕੀਤੀ| ਅੱਜ ਮੀਟਿੰਗ ਵਿਚ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਨਹੀਂ ਪੁੱਜ ਸਕੇ ਜਦਕਿ ਭਲਕੇ ਕਮੇਟੀ ਕਾਂਗਰਸੀ ਵਿਧਾਇਕਾਂ ਨੂੰ ਮਿਲੇਗੀ| ਇਸ ਕਮੇਟੀ ਦਾ 19 ਦਸੰਬਰ ਤੱਕ ਮੀਟਿੰਗਾਂ ਦਾ ਸਿਲਸਿਲਾ ਚੱਲਣਾ ਹੈ| ਮੀਟਿੰਗ ’ਚ ਅੱਜ ਅਜੈ ਮਾਕਨ ਤੋਂ ਇਲਾਵਾ ਕਮੇਟੀ ਮੈਂਬਰ ਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਚੰਦਨ ਯਾਦਵ ਅਤੇ ਯੂਥ ਕਾਂਗਰਸ ਦੇ ਸਕੱਤਰ ਕ੍ਰਿਸ਼ਨਾ ਅਲਵਾਰੂ ਵੀ ਮੌਜੂਦ ਸਨ| ਪੰਜਾਬ ਕਾਂਗਰਸ ਦੇ ਕਿਸੇ ਨੁਮਾਇੰਦੇ ਦੀ ਮੀਟਿੰਗ ਵਿਚ ਸ਼ਮੂਲੀਅਤ ਨਹੀਂ ਸੀ| ਕਾਂਗਰਸ ਦੀ ਇਸ ਪਹਿਲਕਦਮੀ ਤੋਂ ਜਾਪਦਾ ਹੈ ਕਿ ਹਾਈਕਮਾਨ ਐਤਕੀਂ ਉਮੀਦਵਾਰਾਂ ਦੇ ਐਲਾਨ ਕਰਨ ਵਿਚ ਦੇਰੀ ਨਹੀਂ ਕਰਨਾ ਚਾਹੁੰਦੀ ਹੈ| ਕਮੇਟੀ ਨੇ ਅਗਾਮੀ ਚੋਣਾਂ ’ਚ ਕਾਂਗਰਸ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਅਤੇ ਆਗੂਆਂ ਦੀ ਨਬਜ਼ ਵੀ ਟੋਹੀ ਅੱਜ ਸਕਰੀਨਿੰਗ ਕਮੇਟੀ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਿੰਦਰ ਕੌਰ ਭੱਠਲ, ਸਾਬਕਾ ਪ੍ਰਧਾਨ ਐੱਚਐੱਸ ਹੰਸਪਾਲ, ਸ਼ਮਸ਼ੇਰ ਸਿੰਘ ਦੂਲੋ ਅਤੇ ਕੈਬਨਿਟ ਵਜ਼ੀਰ ਵੀ ਮਿਲੇ| ਸੂਤਰਾਂ ਅਨੁਸਾਰ ਅੱਜ ਮੁੱਖ ਰੂਪ ਵਿਚ ਇਹ ਗੱਲ ਉੱਭਰੀ ਕਿ ਚੋਣ ਮੈਦਾਨ ਵਿਚ ਸਾਫ਼-ਸੁਥਰੇ ਅਕਸ ਵਾਲੇ ਅਤੇ ਜਿੱਤਣ ਵਾਲੇ ਉਮੀਦਵਾਰ ਹੀ ਉਤਾਰੇ ਜਾਣ| ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਇੱਥੋਂ ਤੱਕ ਆਖ ਦਿੱਤਾ ਕਿ ਕਾਂਗਰਸ ਨੂੰ ਮਾਫ਼ੀਆ ਮੁਕਤ ਬਣਾਇਆ ਜਾਵੇ ਅਤੇ ਦਾਗ਼ੀ ਉਮੀਦਵਾਰਾਂ ਤੋਂ ਗੁਰੇਜ਼ ਕੀਤਾ ਜਾਵੇ| ਕਈ ਆਗੂਆਂ ਨੇ ਪਾਰਟੀ ਦੇ ਟਕਸਾਲੀ ਆਗੂਆਂ ਨੂੰ ਟਿਕਟਾਂ ਦੇਣ ਵਿੱਚ ਤਰਜੀਹ ਦੇਣ ਦੀ ਗੱਲ ਵੀ ਆਖੀ| ਸਕਰੀਨਿੰਗ ਕਮੇਟੀ ਵੱਲੋਂ ਪੁੱਛੇ ਜਾਣ ’ਤੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਗਾਮੀ ਚੋਣਾਂ ਲਈ ਜੋਟੀ ਨਾ ਪਾਈ ਤਾਂ ਕਾਂਗਰਸ ਨੂੰ ਨੁਕਸਾਨ ਹੋਵੇਗਾ| ਦੋਵਾਂ ਦਾ ਇਕੱਠੇ ਚੱਲਣਾ ਜ਼ਰੂਰੀ ਹੈ| ਕਈ ਆਗੂਆਂ ਨੇ ਇਹ ਵੀ ਕਿਹਾ ਕਿ ‘ਆਪ’ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ| ਅੱਜ ਹਰ ਆਗੂ ਨੂੰ ਗੱਲ ਕਹਿਣ ਲਈ ਦਸ ਦਸ ਮਿੰਟ ਦਾ ਸਮਾਂ ਦਿੱਤਾ ਗਿਆ| ਨੌਜਵਾਨਾਂ ਨੂੰ ਵੀ ਟਿਕਟਾਂ ਦੇਣ ਦੀ ਗੱਲ ਕਹੀ ਗਈ| ਕਮੇਟੀ ਨੂੰ ਇੱਕ ਆਗੂ ਨੇ ਇਹ ਵੀ ਖ਼ਬਰਦਾਰ ਕੀਤਾ ਕਿ ਜਿਨ੍ਹਾਂ ਵਿਧਾਇਕਾਂ ਦੀ ਟਿਕਟ ਕੱਟੀ ਜਾਵੇਗੀ, ਉਨ੍ਹਾਂ ਨੂੰ ਕਿਸੇ ਹੋਰ ਪਾਰਟੀ ਵਿਚ ਜਾਣ ਤੋਂ ਰੋਕਣ ਲਈ ਵੀ ਫ਼ੌਰੀ ਕਦਮ ਚੁੱਕਣੇ ਪੈਣਗੇ| ਪਾਰਟੀ ਦਫ਼ਤਰ ਵਿਚ ਅੱਜ ਟਿਕਟਾਂ ਦੇ ਚਾਹਵਾਨਾਂ ਨੇ ਦਰਖਾਸਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਟਿਕਟ ਲੈਣ ਲਈ ਕੋਈ ਅਰਜ਼ੀ ਫੀਸ ਨਹੀਂ
ਪੰਜਾਬ ਕਾਂਗਰਸ ਨੇ ਐਤਕੀਂ ਪਾਰਟੀ ਦੀ ਟਿਕਟ ਲੈਣ ਦੇ ਚਾਹਵਾਨਾਂ ਤੋਂ ਕੋਈ ਅਰਜ਼ੀ ਫੀਸ ਨਾ ਲੈਣ ਦਾ ਫ਼ੈਸਲਾ ਕੀਤਾ ਹੈ| ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਟਵੀਟ ਕਰਕੇ ਦੱਸਿਆ ਕਿ ਇਹ ਪਹਿਲਾ ਮੌਕਾ ਹੈ ਕਿ ਚਾਹਵਾਨਾਂ ਤੋਂ ਕੋਈ ਦਰਖਾਸਤ ਫੀਸ ਨਹੀਂ ਲਈ ਜਾਵੇਗੀ| ਕਾਂਗਰਸ ਤਰਫੋਂ ਜੋ ਦਰਖਾਸਤ ਦਾ ਪ੍ਰੋਫਾਰਮਾ ਤਿਆਰ ਕੀਤਾ ਗਿਆ ਹੈ, ਉਸ ’ਚ ਇਹ ਵੀ ਦੇਖਿਆ ਜਾਵੇਗਾ ਕਿ ਉਮੀਦਵਾਰ ਬਣਨ ਦੇ ਚਾਹਵਾਨ ਵਿਅਕਤੀ ਵੱਲੋਂ ਪਹਿਲਾਂ ਕਦੇ ਪਾਰਟੀ ਤਾਂ ਨਹੀਂ ਛੱਡੀ ਗਈ| ਇੱਕ ਤਸਦੀਕਸੁਦਾ ਹਲਫੀਆ ਬਿਆਨ ਵੀ ਲਿਆ ਜਾ ਰਿਹਾ ਹੈ ਜਿਸ ਵਿਚ ਚਾਹਵਾਨ ਵਿਅਕਤੀ ਨੂੰ ਇਹ ਭਰੋਸਾ ਦੇਣਾ ਹੋਵੇਗਾ ਕਿ ਟਿਕਟ ਨਾ ਮਿਲਣ ਦੀ ਸੂਰਤ ਵਿਚ ਉਹ ਪਾਰਟੀ ਉਮੀਦਵਾਰ ਦਾ ਵਿਰੋਧ ਨਹੀਂ ਕਰੇਗਾ।