ਗਗਨਦੀਪ ਅਰੋੜਾ
ਲੁਧਿਆਣਾ, 28 ਅਪਰੈਲ
ਸਨਅਤੀ ਸ਼ਹਿਰ ਵਿੱਚ ਬੀਤੀ ਦੇਰ ਰਾਤ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ਼) ਤੇ ਨਸ਼ਾ ਤਸਕਰਾਂ ਦਰਮਿਆਨ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਪੁਲੀਸ ਨੇ ਧਾਂਦਰਾ ਰੋਡ ਇਲਾਕੇ ’ਚ ਨਸ਼ਾ ਤਸਕਰ ਨੂੰ ਕਾਬੂ ਕਰਨ ਲਈ ਨਾਕਾ ਲਗਾਇਆ ਹੋਇਆ ਸੀ। ਨਾਕੇ ’ਤੇ ਘਿਰਨ ਮਗਰੋਂ ਨਸ਼ਾ ਤਸਕਰ ਨੇ ਐੱਸਟੀਐੱਫ਼ ਮੁਲਾਜ਼ਮਾਂ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨਸ਼ਾ ਤਸਕਰ ਨੇ ਉਥੇ ਖੜ੍ਹੀਆਂ ਕਈ ਗੱਡੀਆਂ ਨੂੰ ਟੱਕਰ ਮਾਰੀ।
ਐੱਸਟੀਐੱਫ਼ ਦੀ ਟੀਮ ਨੇ ਨਸ਼ਾ ਤਸਕਰ ਦਾ ਪਿੱਛਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਮੌਕੇ ’ਤੇ ਪੁਲੀਸ ਤੇ ਨਸ਼ਾ ਤਸਕਰ ਦਰਮਿਆਨ ਗੋਲੀਆਂ ਵੀ ਚੱਲੀਆਂ। ਘਟਨਾ ਸੂਚਨਾ ਮਿਲਦੇ ਸਾਰ ਕਈ ਥਾਣਿਆਂ ਦੀ ਪੁਲੀਸ ਤੇ ਉਚ ਅਧਿਕਾਰੀ ਮੌਕੇ ’ਤੇ ਪੁੱਜ ਗਏ। ਇਸ ਮਾਮਲੇ ਵਿੱਚ ਪੁਲੀਸ ਨੇ ਗੱਡੀ ਦੇ ਨੰਬਰ ਤੋਂ ਮੁਲਜ਼ਮ ਦੀ ਪਛਾਣ ਕੀਤੀ ਤੇ ਥਾਣਾ ਸਦਰ ਵਿੱਚ ਅੱਜ ਤਾਜਪੁਰ ਰੋਡ ਗੁਰੂ ਅਰਜਨ ਦੇਵ ਨਗਰ ਵਾਸੀ ਦੀਪਕ ਕੁਮਾਰ ਉਰਫ਼ ਦੀਪੂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ। ਮੁਲਜ਼ਮ ਹਾਲੇ ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਮੁਲਜ਼ਮ ਦੇ ਘਰ ਛਾਪਾ ਮਾਰ ਕੇ ਉਸ ਦੇ ਘਰੋਂ 315 ਗ੍ਰਾਮ ਹੈਰੋਇਨ, 20 ਗ੍ਰਾਮ ਅਫ਼ੀਮ, 32 ਬੋਰ ਦੇ ਦੋ ਕਾਰਤੂਸ ਤੇ 21 ਹਜ਼ਾਰ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਐੱਸਟੀਐੱਫ਼ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਦੀਪੂ ਭਾਮੀਆਂ ਰੋਡ ’ਤੇ ਕੇਕੇ ਫਿਟਨੈੱਸ ਜਿਮ ਚਲਾਉਂਦਾ ਹੈ ਤੇ ਕਾਫ਼ੀ ਸਮੇਂ ਤੋਂ ਹੈਰੋਇਨ ਤਸਕਰੀ ਦਾ ਧੰਦਾ ਕਰਦਾ ਹੈ। ਐੱਸਟੀਐੱਫ਼ ਨੂੰ ਸੂਚਨਾ ਮਿਲੀ ਸੀ ਕਿ ਦੀਪੂ ਧਾਂਦਰਾ ਰੋਡ ਜ਼ਰੀਏ ਪਿੰਡ ਖੇੜੀ ਝਮੇੜੀ ਵਿੱਚ ਹੈਰੋਇਨ ਦੇਣ ਜਾ ਰਿਹਾ ਹੈ ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਨਾਕਾ ਲਾ ਲਿਆ। ਪੁਲੀਸ ਨੇ ਦੀਪੂ ਨੂੰ ਧਾਂਦਰਾ ਰੋਡ ’ਤੇ ਘੇਰ ਲਿਆ। ਆਪਣੇ ਆਪ ਨੂੰ ਘਿਰਿਆ ਦੇਖ ਦੀਪੂ ਨੇ ਸਬ ਇੰਸਪੈਕਟਰ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਗੋਲੀਆਂ ਵੀ ਚਲਾਈਆਂ। ਉਨ੍ਹਾਂ ਦੱਸਿਆ ਕਿ ਦੀਪਕ ਖ਼ਿਲਾਫ਼ ਨਸ਼ਾ ਤਸਕਰੀ ਦੇ ਦਸ ਦੇ ਕਰੀਬ ਕੇਸ ਦਰਜ ਹਨ। ਉਸ ਨੂੰ ਥਾਣਾ ਮਾਡਲ ਟਾਊਨ ਦੇ ਇੱਕ ਮਾਮਲੇ ਵਿੱਚ ਸਜ਼ਾ ਵੀ ਹੋ ਚੁੱਕੀ ਹੈ, ਉਸ ਮਾਮਲੇ ਵਿੱਚ ਉਹ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ। ਇਸ ਤੋਂ ਇਲਾਵਾ ਉਸ ਖ਼ਿਲਾਫ਼ ਜੰਮੂ ਕਸ਼ਮੀਰ ਵਿੱਚ ਵੀ ਕੇਸ ਦਰਜ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀਆਂ ਸਾਰੀਆਂ ਪ੍ਰਾਪਰਟੀਆਂ ਤੇ ਬੈਂਕ ਖਾਤੇ ਸੀਜ਼ ਕੀਤੇ ਜਾਣਗੇ ਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾਣਗੇ।