ਲਖਵਿੰਦਰ ਸਿੰਘ ਬਰਾੜ/ਗੁਰਸੇਵਕ ਸਿੰਘ ਪ੍ਰੀਤ
ਮਲੋਟ/ਸ੍ਰੀ ਮੁਕਤਸਰ ਸਾਹਿਬ, 28 ਮਾਰਚ
ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਬੀਤੇ ਦਿਨ ਮਲੋਟ ਵਿੱਚ ਹੋਈ ਖਿੱਚ-ਧੂਹ ਦੇ ਮਾਮਲੇ ਵਿੱਚ ਮਲੋਟ ਪੁੱਜੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ ਤੇ ਵਿਧਾਇਕ ਨਾਰੰਗ ’ਤੇ ਹਮਲਾ ਮੰਦਭਾਗਾ ਹੈ ਪਰ ਲੋਕਾਂ ’ਚ ਵਧ ਰਹੇ ਰੋਸ ਦਾ ਸੰਕੇਤ ਹੈ। ਉਨ੍ਹਾਂ ਇਸ ਘਟਨਾ ਨੂੰ ਅਫ਼ਸੋਸਨਾਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਵੀ ਕਿਸਾਨਾਂ ਸਬੰਧੀ ਬਿਆਨਬਾਜ਼ੀ ਸੰਜਮ ਨਾਲ ਕਰਨੀ ਚਾਹੀਦੀ ਹੈ। ਡੱਲੇਵਾਲ ਨੇ ਕਿਹਾ ਕਿ ਉਹ ਕਿਸਾਨ ਆਗੂਆਂ ’ਤੇ ਦਰਜ ਕੀਤੇ ਪੁਲੀਸ ਕੇਸ ਦੀ ਪੈਰਵੀ ਕਰਨਗੇ। ਇਸ ਦੌਰਾਨ ਉਨ੍ਹਾਂ ਮਲੋਟ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਪੁਲੀਸ ਦੇ ਐੱਸਪੀ ਐੱਚ ਗੁਰਮੇਲ ਸਿੰਘ ਦਾ ਹਾਲ ਪੁੱਛਿਆ।
ਇਸੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੱਲੇਵਾਲ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਵੱਲੋਂ ਗਲਤ ਬਿਆਨਬਾਜ਼ੀ ਰਾਹੀਂ ਟੇਢੇ ਢੰਗ ਨਾਲ ਕਿਸਾਨ ਅੰਦੋਲਨ ਨੂੰ ਢਾਹ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ। ਡੱਲੇਵਾਲ ਨੇ ਕਿਹਾ ਕਿ ਕਿਸਾਨ ਕਿਸੇ ਵੀ ਤਰ੍ਹਾਂ ਦੇਸ਼ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਪਰ ਭਾਜਪਾ ਲੀਡਰਸ਼ਿਪ ਨੂੰ ਗਲਤ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਉਹ ਕਿਸਾਨਾਂ ਉਪਰ ਦਰਜ ਪਰਚੇ ਸਬੰਧੀ ਐੱਸਐੱਸਪੀ ਡੀ. ਸੁਡਰਵਿਲੀ ਸ੍ਰੀ ਮੁਕਤਸਰ ਸਾਹਿਬ ਨੂੰ ਮਿਲੇ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਤਾਂ ਸਿਰਫ ਸ਼ਾਂਤੀ ਬਣਾਉਣ ਦੀ ਅਪੀਲ ਕਰ ਰਹੇ ਸੀ ਪਰ ਵਾਪਰੀ ਘਟਨਾ ਨਿੰਦਣਯੋਗ ਹੈ।