ਜਗਮੋਹਨ ਸਿੰਘ
ਘਨੌਲੀ, 28 ਜੂਨ
ਪਿੰਡ ਰਣਜੀਤਪੁਰਾ ਵਿੱਚ ਵਿਆਹੀ ਲੜਕੀ ਦਾ ਉਸ ਦੇ ਪਤੀ ਨਾਲ ਰਾਜ਼ੀਨਾਮਾ ਕਰਵਾਉਣ ਆਏ ਪਿੰਡ ਮਾਣਕਪੁਰ ਦੇ ਸਰਪੰਚ ਦਾ ਸਿਰ ਪਾੜਨ, ਪੰਚਾਇਤ ਮੈਂਬਰਾਂ, ਲੜਕੀ ਅਤੇ ਉਸ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੁਲੀਸ ਚੌਕੀ ਘਨੌਲੀ ਨੇ ਅੱਧੀ ਦਰਜਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਪੀੜਤ ਲੜਕੀ ਰੀਤੂ ਦੇਵੀ ਦੇ ਚਾਚੇ ਉਜਾਗਰ ਸਿੰਘ ਵਾਸੀ ਪਿੰਡ ਮਾਣਕਪੁਰ (ਥਾਣਾ ਨੰਗਲ) ਨੇ ਦੱਸਿਆ ਕਿ ਉਸ ਦੀ ਭਤੀਜੀ ਦਾ ਵਿਆਹ 2017 ਵਿੱਚ ਪਿੰਡ ਰਣਜੀਤਪੁਰਾ ਦੇ ਜਸਵਿੰਦਰ ਕੁਮਾਰ ਨਾਲ ਹੋਇਆ ਸੀ, ਜੋ ਕਿ ਵਿਦੇਸ਼ ਗਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਸਵਿੰਦਰ ਕੁਮਾਰ ਵਿਦੇਸ਼ ਤੋਂ ਪਰਤਣ ਉਪਰੰਤ ਵੀ ਆਪਣੀ ਪਤਨੀ ਅਤੇ ਬੱਚਿਆਂ ਤੋਂ ਜ਼ਿਆਦਾ ਸਮਾਂ ਆਪਣੇ ਦੋਸਤ ਅਮਰੀਕ ਸਿੰਘ ਕੋਲ ਹੀ ਬਤੀਤ ਕਰਦਾ ਹੈ ਅਤੇ ਕਈ ਵਾਰ ਰਾਤ ਨੂੰ ਵੀ ਉਸ ਦੇ ਘਰ ਹੀ ਸੌਂ ਜਾਂਦਾ ਹੈ। ਇਸ ਕਰਕੇ ਉਸ ਦਾ ਪਰਿਵਾਰਕ ਝਗੜਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ 22 ਜੂਨ ਨੂੰ ਪਤੀ-ਪਤਨੀ ਦਾ ਝਗੜਾ ਕਾਫੀ ਵਧ ਜਾਣ ਉਪਰੰਤ ਉਸ ਦੀ ਭਤੀਜੀ ਰੀਤੂ ਦੇਵੀ ਨੇ ਉਨ੍ਹਾਂ ਨੂੰ ਫੈਸਲਾ ਕਰਵਾਉਣ ਲਈ ਸੱਦਿਆ ਸੀ। ਉਹ 23 ਜੂਨ ਨੂੰ ਜਦੋਂ ਆਪਣੇ ਪਿੰਡ ਦੇ ਸਰਪੰਚ ਮਨੋਜ ਕੁਮਾਰ ਅਤੇ ਦੋ ਪੰਚਾਇਤ ਮੈਂਬਰਾਂ ਸਮੇਤ ਗੱਡੀ ਕਰਕੇ ਆਪਣੀ ਭਤੀਜੀ ਦਾ ਰਾਜ਼ੀਨਾਮਾ ਕਰਵਾਉਣ ਲਈ ਰਣਜੀਤਪੁਰਾ ਪੁੱਜਿਆ ਤਾਂ ਉਸ ਦੀ ਭਤੀਜੀ ਦੇ ਘਰ ਪੁੱਜਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਗੱਡੀ ਨੂੰ ਜਸਵਿੰਦਰ ਕੁਮਾਰ ਦੇ ਦੋਸਤਾਂ ਅਮਰੀਕ ਸਿੰਘ ਤੇ ਗੁਲਜ਼ਾਰ ਸਿੰਘ ਤੇ ਕੁਝ ਹੋਰ ਵਿਅਕਤੀਆਂ ਨੇ ਟਰੈਕਟਰ ਲਗਾ ਕੇ ਘੇਰਾ ਪਾ ਕੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਦਿੱਤੀ।
ਕੁੱਟਮਾਰ ਦੌਰਾਨ ਸਰਪੰਚ ਮਨੋਜ ਕੁਮਾਰ ਦਾ ਸਿਰ ਫਟ ਗਿਆ। ਇਸ ਤੋਂ ਇਲਾਵਾ ਉਹ ਖੁਦ, ਉਸ ਦੀ ਭਤੀਜੀ ਰੀਤੂ ਦੇਵੀ ਤੇ ਦੂਜੀ ਭਤੀਜੀ ਰਿੰਕਾ ਦੇਵੀ ਤੇ ਦੋਵੇਂ ਪੰਚਾਂ ਸਮੇਤ ਗੱਡੀ ਦੇ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ।
ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭੀ
ਪੁਲੀਸ ਚੌਕੀ ਘਨੌਲੀ ਦੇ ਏ.ਐੱਸ.ਆਈ. ਕਮਲ ਕਿਸ਼ੋਰ ਨੇ ਦੱਸਿਆ ਕਿ ਪੁਲੀਸ ਨੇ ਸ਼ਿਕਾਇਤਕਰਤਾ ਉਜਾਗਰ ਸਿੰਘ ਦੇ ਬਿਆਨਾਂ ’ਤੇ ਅਮਰੀਕ ਸਿੰਘ, ਜਸਵੀਰ ਕੌਰ, ਧੰਨ ਕੌਰ ਤੇ ਨੀਤੂ ਦੇਵੀ ਚਾਰੋਂ ਵਾਸੀ ਰਣਜੀਤਪੁਰਾ, ਗੁਲਜ਼ਾਰ ਸਿੰਘ ਵਾਸੀ ਫੰਦੀ ਤੇ ਮਨਦੀਪ ਸਿੰਘ ਵਾਸੀ ਚੰਦਪੁਰ ਖ਼ਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦੌਰਾਨ ਜਦੋਂ ਦੂਜੀ ਧਿਰ ਦੇ ਜਸਵਿੰਦਰ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਦੋਸਤ ਅਮਰੀਕ ਸਿੰਘ ਨੇ ਫੋਨ ਸੁਣਦਿਆਂ ਕਿਹਾ ਕਿ ਜਸਵਿੰਦਰ ਕੁਮਾਰ ਦਵਾਈ ਲੈਣ ਗਏ ਹੋਏ ਹਨ ਤੇ ਫੋਨ ਉਨ੍ਹਾਂ ਦੇ ਕੋਲ ਹੈ। ਉਨ੍ਹਾਂ ਆਪ ਵੀ ਝਗੜੇ ਸਬੰਧੀ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ।