ਸੰਜੀਵ ਬੱਬੀ
ਚਮਕੌਰ ਸਾਹਿਬ, 14 ਸਤੰਬਰ
ਇਥੇ ਸੰਧੂਆਂ ਚੌਕ ਨਜ਼ਦੀਕ ਐੱਸਡੀ ਹਾਈ ਸਕੂਲ ਦੇ ਗਰਾਊਂਡ ਵਿੱਚ ਕਬਜ਼ਾ ਛੁਡਾਉਣ ਗਈ ਪੁਲੀਸ ’ਤੇ ਕਬਜ਼ਾਧਾਰੀਆਂ ਨੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਡੀਐੱਸਪੀ ਸੁਖਜੀਤ ਸਿੰਘ ਵਿਰਕ ਸਮੇਤ ਤਿੰਨ ਥਾਣੇਦਾਰ ਰਾਜਿੰਦਰ ਸਿੰਘ, ਧਰਮਪਾਲ ਅਤੇ ਹਰਬਖਸ਼ ਸਿੰਘ ਜ਼ਖ਼ਮੀ ਹੋ ਗਏ। ਕਬਜ਼ਾਧਾਰੀਆਂ ਨੇ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਪੁਲੀਸ ’ਤੇ ਹਮਲਾ ਕਰਨਾ ਜਾਰੀ ਰੱਖਿਆ ਅਤੇ ਮੁੱਖ ਸੜਕ ’ਤੇ ਆਵਾਜਾਈ ਠੱਪ ਕਰ ਦਿੱਤੀ। ਇਸ ਧਰਨੇ ਕਾਰਨ ਆਮ ਲੋਕ ਲੰਮਾ ਸਮਾਂ ਪ੍ਰੇਸ਼ਾਨ ਹੁੰਦੇ ਰਹੇ ਅਤੇ ਬਦਲਵੇਂ ਰਸਤਿਆਂ ਰਾਹੀਂ ਜਾਣ ਲਈ ਮਜਬੂਰ ਹੋਏ।
ਇਸ ਦੌਰਾਨ ਕਬਜ਼ਾਧਾਰੀਆਂ ਨੇ ਕਿਹਾ ਕਿ ਉਹ ਪਿਛਲੇ 30-35 ਸਾਲਾਂ ਤੋਂ ਸਬੰਧਤ ਜ਼ਮੀਨ ’ਤੇ ਰਹਿ ਰਹੇ ਹਨ। ਉਨ੍ਹਾਂ ਨੂੰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਦੋ ਦਿਨ ਪਹਿਲਾਂ ਹੀ ਨੋਟਿਸ ਦਿੱਤਾ ਗਿਆ ਕਿ ਆਪਣੇ ਮਕਾਨ ਖਾਲੀ ਕਰ ਲੈਣ, ਜਦੋਂ ਕਿ ਉਨ੍ਹਾਂ ਨੂੰ 15 ਦਿਨ ਪਹਿਲਾਂ ਮਕਾਨ ਖਾਲੀ ਕਰਨ ਦੇ ਨੋਟਿਸ ਦੇਣੇ ਚਾਹੀਦੇ ਸਨ। ਦੂਜੇ ਪਾਸੇ ਕਾਰਜਸਾਧਕ ਅਫਸਰ ਰਜਨੀਸ਼ ਸੂਦ ਨੇ ਦੱਸਿਆ ਕਿ ਨਗਰ ਪੰਚਾਇਤ ਦੀ ਜ਼ਮੀਨ ਵਿੱਚ ਇਨ੍ਹਾਂ ਕਬਜ਼ਾਧਾਰੀਆਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਸ਼ਹਿਰ ਦੇ ਸੁੰਦਰੀਕਰਨ ਪ੍ਰਾਜੈਕਟ ਅਧੀਨ ਇਸ ਜ਼ਮੀਨ ਨੂੰ ਖਾਲੀ ਕਰਨ ਲਈ ਜਦੋਂ ਵੀ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਤਾਂ ਉਹ ਨੋਟਿਸ ਲੈਣ ਤੋਂ ਇਨਕਾਰੀ ਹੁੰਦੇ ਰਹੇ, ਜਿਸ ਕਾਰਨ ਕਾਰਵਾਈ ਨੂੰ ਅੰਜਾਮ ਦੇਣਾ ਪਿਆ। ਮੌਕੇ ’ਤੇ ਪੁੱਜੇ ਐੱਸਡੀਐੱਮ ਹਰਪ੍ਰੀਤ ਸਿੰਘ ਅਟਵਾਲ ਨੇ ਕਬਜ਼ਾਧਾਰੀਆਂ ਨੂੰ ਸ਼ਾਂਤ ਕਰਦਿਆਂ ਮਸਲਾ ਹੱਲ ਕਰਨ ਲਈ 7 ਦਿਨ ਦਾ ਸਮਾਂ ਲੈ ਕੇ ਧਰਨਾ ਖ਼ਤਮ ਕਰਵਾਇਆ।
ਪਰਿਵਾਰਾਂ ਨੂੰ ਕਿਤੇ ਹੋਰ ਜ਼ਮੀਨ ਦੇਣ ਦੀ ਮੰਗ
ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਪਿਛਲੇ 35 ਸਾਲਾਂ ਤੋਂ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਉਜਾੜਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਪਰਿਵਾਰਾਂ ਨੂੰ ਜ਼ਮੀਨ ’ਚੋਂ ਉਠਾਉਣਾ ਹੀ ਸੀ ਤਾਂ ਨਗਰ ਪੰਚਾਇਤ ਵੱਲੋਂ ਪਹਿਲਾਂ 15 ਦਿਨਾਂ ਦਾ ਨੋਟਿਸ ਦੇਣਾ ਚਾਹੀਦਾ ਸੀ। ਸ੍ਰੀ ਮਾਂਗਟ ਨੇ ਪਰਿਵਾਰਾਂ ਨੂੰ ਕਿਸੇ ਹੋਰ ਥਾਂ ’ਤੇ ਜ਼ਮੀਨ ਦੇਣ ਦੀ ਮੰਗ ਕੀਤੀ।