ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਮਈ
ਵਿਜੀਲੈਂਸ ਬਿਊਰੋ ਨੇ ਕਰ ਅਫਸਰ ਨੂੰ 50 ਹਜ਼ਾਰ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਇਕ ਏਜੰਟ ਨੂੰ ਕਾਬੂ ਕੀਤਾ ਹੈ ਜੋ ਬਿਨਾਂ ਟੈਕਸ ਦਿੱਤਿਆਂ ਆਪਣਾ ਮਾਲ ਛੁਡਵਾਉਣਾ ਚਾਹੁੰਦਾ ਸੀ। ਵਿਜੀਲੈਂਸ ਬਿਉਰੋ ਅਨੁਸਾਰ ਜੀਐੱਸਟੀ ਮੋਬਾਈਲ ਵਿੰਗ ਦੇ ਐਡੀਸ਼ਨਲ ਕਮਿਸ਼ਨਰ (ਸਟੇਟ ਟੈਕਸ) ਦੀਪਿੰਦਰ ਸਿੰਘ ਗਰਚਾ ਦੀ ਸ਼ਿਕਾਇਤ ’ਤੇ ਤੰਬਾਕੂ ਦੇ ਪ੍ਰੋਡਕਟ ਲਿਆਉਣ ਵਾਲੇ ਏਜੰਟ ਵਰੁਣ ਮਹਾਜਨ ਨੂੰ 50 ਹਜ਼ਾਰ ਰੁਪਏ ਰਿਸ਼ਵਤ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਦੀਪਿੰਦਰ ਸਿੰਘ ਗਰਚਾ ਦੀ ਡਿਊਟੀ ਜੀਐੱਸਟੀ ਦੀ ਰਕਮ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣ ਦੀ ਹੈ ਤੇ ਉਨ੍ਹਾਂ ਕੋਲ ਰੇਲਵੇ ਸਟੇਸ਼ਨ ਦਾ ਇਲਾਕਾ ਵੀ ਆਉਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਰੇਲਵੇ ਸਟੇਸ਼ਨ ’ਤੇ 15 ਫਰਵਰੀ ਨੂੰ ਤੰਬਾਕੂ ਪ੍ਰੋਡਕਟ ਦੀ ਵੱਡੀ ਖੇਪ ਆਈ ਸੀ। ਇਸ ਨੂੰ ਟੈਕਸ ਦੀ ਅਦਾਇਗੀ ਤੇ ਪੈਨਲਟੀ ਲਈ ਰੋਕਿਆ ਗਿਆ ਸੀ ਜਦਕਿ ਏਜੰਟ ਵਰੁਣ ਮਹਾਜਨ ਜੀਐੱਸਟੀ ਦਾ ਭੁਗਤਾਨ ਕੀਤੇ ਬਿਨਾਂ ਹੀ ਇਸ ਨੂੰ ਛੁਡਵਾਉਣਾ ਚਾਹੁੰਦਾ ਸੀ। ਉਹ ਸ੍ਰੀ ਗਰਚਾ ਦੇ ਦਫਤਰ ਵੀ ਗਿਆ ਤੇ ਉਸ ਨੂੰ ਹਰ ਮਹੀਨੇ ਰਿਸ਼ਵਤ ਦੀ ਰਕਮ ਤੈਅ ਕਰਨ ਦੀ ਪੇਸ਼ਕਸ਼ ਕਰਨ ਲੱਗਾ। ਜਦੋਂ ਦੀਪਿੰਦਰ ਸਿੰਘ ਗਰਚਾ ਅਜਿਹਾ ਕਰਨ ’ਤੇ ਨਾ ਮੰਨੇ ਤਾਂ ਉਸ ਨੇ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ। ਵਿਜੀਲੈਂਸ ਬਿਊਰੋ ਦੇ ਡੀਐੱਸਪੀ ਦਲਬੀਰ ਸਿੰਘ ਨੇ ਇੰਸਪੈਕਟਰ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਟੀਮ ਬਣਾ ਦਿੱਤੀ ਤੇ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ ਵਰੁਣ ਮਹਾਜਨ ਨੂੰ ਗ੍ਰਿਫਤਾਰ ਕਰ ਲਿਆ।