ਹਰਮੇਸ਼ਪਾਲ ਨੀਲੇਵਾਲ
ਜ਼ੀਰਾ, 12 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਰੋਸ ਵਿੱਚ ਆਏ ਅਵਤਾਰ ਸਿੰਘ ਜ਼ੀਰਾ ਨੇ ਆਜ਼ਾਦ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।
ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਵਤਾਰ ਜ਼ੀਰਾ ਨੇ ਕਿਹਾ ਕਿ ਜ਼ੀਰਾ ਵਿੱਚ ਕੋਈ ਸੇਵਾ ਦੇ ਮਕਸਦ ਨਾਲ ਨਹੀਂ ਆਉਂਦਾ, ਸਗੋਂ ਜ਼ੀਰਾ ਇਲਾਕੇ ਵਿੱਚ ਚੱਲਦੇ ਰੇਤ ਦੇ ਖੱਡਿਆਂ ਕਾਰਨ ਇਹ ਹਲਕਾ ਜਨਮੇਜਾ ਸਿੰਘ ਸੇਖੋਂ ਦੀ ਪਹਿਲੀ ਪਸੰਦ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਹੁਣ ਟਕਸਾਲੀ ਆਗੂਆਂ ਦੀ ਕੋਈ ਕਦਰ ਨਹੀਂ ਰਹੀ। ਇਸ ’ਤੇ ਧਨਾਢ ਅਤੇ ਮਾਫੀਆ ਗਰੋਹ ਦਾ ਕਬਜ਼ਾ ਹੋ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੇਖੋਂ ਸੋਚਦੇ ਹਨ ਕਿ ਉਹ ਪੈਸੇ ਅਤੇ ਗੁੰਡਾਗਰਦੀ ਦੇ ਸਿਰ ’ਤੇ ਜ਼ੀਰਾ ਹਲਕੇ ਵਿਚ ਚੋਣ ਜਿੱਤ ਜਾਣਗੇ ਪਰ ਇਹ ਉਨ੍ਹਾਂ ਦੀ ਬਹੁਤ ਵੱਡੀ ਭੁੱਲ ਹੈ। ਇਹ ਹੀ ਅਕਾਲੀ ਦਲ ਦੇ ਪਤਨ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਬੀਤੇ ਇਕ ਹਫ਼ਤੇ ਦੌਰਾਨ ਉਨ੍ਹਾਂ ਵੱਲੋਂ ਪਿੰਡਾਂ ਵਿੱਚ ਕੀਤੀਆਂ ਗਈਆਂ ਨੁੱਕੜ ਮੀਟਿੰਗਾਂ ਅਤੇ ਜਨਤਕ ਇਕੱਠਾਂ ਵਿਚ ਵਰਕਰਾਂ ਨੇ ਉਨ੍ਹਾਂ ਨੂੰ ਭਰਵਾਂ ਸਮਰਥਨ ਦਿੱਤਾ ਹੈ, ਜਿਸ ਕਾਰਨ ਉਹ ਆਜ਼ਾਦ ਚੋਣ ਲੜਨ ਦਾ ਐਲਾਨ ਕਰਦੇ ਹਨ। ਇਸ ਦੌਰਾਨ ਉਨ੍ਹਾਂ ਸਮੇਤ ਉਨ੍ਹਾਂ ਦੇ ਸਮਰਥਕ ਸਰਕਲ ਜਥੇਦਾਰਾਂ ਨੇ ਵੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ।