ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਨਵੰਬਰ
ਗੁਰੂ ਨਾਨਕ ਦੇਵ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਜਾਣ ਦੇ ਪ੍ਰੋਗਰਾਮ ਬਾਰੇ ਫਿਲਹਾਲ ਅਨਿਸ਼ਿਚਤਤਾ ਬਣੀ ਹੋਈ ਹੈ। ਇਹ ਪ੍ਰਕਾਸ਼ ਪੁਰਬ 28 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਜਥੇਬੰਦੀਆਂ ਵੱਲੋਂ ਸਿੱਖ ਸ਼ਰਧਾਲੂਆਂ ਦੇ ਜਥੇ 27 ਨਵੰਬਰ ਨੂੰ ਪਾਕਿਸਤਾਨ ਰਵਾਨਾ ਕਰਨ ਦਾ ਪ੍ਰੋਗਰਾਮ ਤੈਅ ਹੈ।
ਕਰੋਨਾ ਦੇ ਮੱਦੇਨਜ਼ਰ ਕੀਤੀ ਗਈ ਤਾਲਾਬੰਦੀ ਦੌਰਾਨ ਹੁਣ ਤਕ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਕੇਂਦਰ ਸਰਕਾਰ ਵੱਲੋਂ ਹਰੀ ਝੰਡੀ ਨਹੀਂ ਦਿੱਤੀ ਗਈ ਹੈ। ਇਸੇ ਤਹਿਤ ਹੀ ਹੁਣ ਤਕ ਗੁਰਦੁਆਰਾ ਕਰਤਾਰਪੁਰ ਲਾਂਘਾ ਵੀ ਨਹੀਂ ਖੋਲ੍ਹਿਆ ਗਿਆ। ਕਰੋਨਾ ਕਾਰਨ ਅਪਰੈਲ ਮਹੀਨੇ ਵਿੱਚ ਵਿਸਾਖੀ/ਖਾਲਸਾ ਸਾਜਨਾ ਦਿਵਸ ਮੌਕੇ ਵੀ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਨਹੀਂ ਗਿਆ ਸੀ। ਇਸ ਤੋਂ ਬਾਅਦ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਵੀ ਸੰਗਤ ਪਾਕਿਸਤਾਨ ਨਹੀਂ ਗਈ ਸੀ। ਹੁਣ 28 ਨਵੰਬਰ ਨੂੰ ਗੁਰੂ ਨਾਨਕ ਦੇਵ ਦਾ 551ਵਾਂ ਪ੍ਰਕਾਸ਼ ਪੁਰਬ ਵਿਸ਼ਵ ਭਰ ਵਿਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਛੁਕ ਸ਼ਰਧਾਲੂਆਂ ਕੋਲੋਂ ਪਾਸਪੋਰਟ ਮੰਗੇ ਗਏ ਸਨ। ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਪ੍ਰਾਪਤ ਹੋਏ ਪਾਸਪੋਰਟ ਵੀਜ਼ਾ ਪ੍ਰਾਪਤੀ ਲਈ ਸਰਕਾਰ ਕੋਲ ਭੇਜ ਦਿੱਤੇ ਗਏ ਹਨ। ਪਰ ਹੁਣ ਤਕ ਇਸ ਬਾਰੇ ਕੋਈ ਵਾਪਸੀ ਹੁੰਗਾਰਾ ਨਹੀਂ ਮਿਲਿਆ ਹੈ, ਜਿਸ ਕਾਰਨ ਪਾਕਿਸਤਾਨ ਜਾਣ ਵਾਲੇ ਜਥੇ ਬਾਰੇ ਫਿਲਹਾਲ ਅਨਿਸ਼ਿਚਤਤਾ ਬਣੀ ਹੋਈ ਹੈ।
ਪਾਕਿਸਤਾਨ ਔਕਾਫ ਬੋਰਡ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾ ਦੇ ਚੱਲਦਿਆਂ ਗੁਰੂ ਨਾਨਕ ਦੇਵ ਦਾ 551ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਇਸ ਵਾਰ ਸਿਰਫ ਪੰਜ ਦਿਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ, ਜੋ ਕਿ ਪਹਿਲਾਂ ਆਮ ਦਿਨਾਂ ਵਿਚ 10 ਦਿਨਾਂ ਦਾ ਹੁੰਦਾ ਸੀ। ਪੀਜੀਪੀਸੀ ਵਲੋਂ ਬਾਹਰੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ 27 ਨਵੰਬਰ ਤੋਂ ਇਕ ਦਸੰਬਰ ਤਕ ਦਾ ਪ੍ਰੋਗਰਾਮ ਦਿੱਤਾ ਗਿਆ ਹੈ।
ਫਿਲਹਾਲ ਵੀਜ਼ਾ ਮਿਲਣ ਬਾਰੇ ਕੋਈ ਸੂਚਨਾ ਨਹੀਂ: ਮੀਤ ਸਕੱਤਰ
ਵੇਰਵਿਆਂ ਮੁਤਾਬਕ ਸ਼੍ਰੋਮਣੀ ਕਮੇਟੀ ਸਮੇਤ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ 1500 ਤੋਂ ਵੱਧ ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ਾ ਲੱਗਣ ਲਈ ਭੇਜੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਤੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਫਿਲਹਾਲ ਵੀਜ਼ਾ ਮਿਲਣ ਬਾਰੇ ਕੋਈ ਸੂਚਨਾ ਨਹੀਂ ਆਈ ਹੈ। ਵੀਜ਼ਾ ਮਿਲਣ ਤੋਂ ਬਾਅਦ ਹੀ ਜਥੇ ਦੀ ਸਥਿਤੀ ਬਾਰੇ ਕੁਝ ਕਹਿ ਸਕਣਗੇ। ਭਾਈ ਮਰਦਾਨਾ ਕੀਰਤਨ ਦਰਬਾਰ ਯਾਦਗਾਰ ਸੁਸਾਇਟੀ ਫਿਰੋਜ਼ਪੁਰ ਦੇ ਮੁਖੀ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਵੀਜ਼ਾ ਮਿਲਣ ਬਾਰੇ ਉਨ੍ਹਾਂ ਨੂੰ ਵੀ ਹਾਲੇ ਕੋਈ ਜਾਣਕਾਰੀ ਨਹੀਂ ਆਈ ਹੈ। ਉਂਝ 24 ਨਵੰਬਰ ਨੂੰ ਪਾਕਿਸਤਾਨੀ ਸਫਾਰਤਖਾਨੇ ਵੱਲੋਂ ਵੀਜ਼ਿਆਂ ਸਬੰਧੀ ਸੱਦਿਆ ਗਿਆ ਹੈ।