ਚਰਨਜੀਤ ਭੁੱਲਰ
ਚੰਡੀਗੜ੍ਹ, 6 ਅਗਸਤ
ਕੈਪਟਨ ਸਰਕਾਰ ਹੁਣ ਬੁਢਾਪਾ ਪੈਨਸ਼ਨ ਦੇ ਚੈੱਕ ਵੰਡੇਗੀ ਤਾਂ ਜੋ ਪੈਨਸ਼ਨ ’ਚ ਵਾਧੇ ਨੂੰ ਸਿਆਸੀ ਨਜ਼ਰਾਨੇ ਦਾ ਰੰਗ ਦਿੱਤਾ ਜਾ ਸਕੇ। ਪਹਿਲਾਂ ਬੁਢਾਪਾ ਪੈਨਸ਼ਨ ਦੀ ਰਾਸ਼ੀ ਬਜ਼ੁਰਗਾਂ ਦੇ ਬੈਂਕ ਖਾਤੇ ’ਚ ਸਿੱਧੀ ਪੈਂਦੀ ਸੀ। ਪਹਿਲੀ ਜੁਲਾਈ ਤੋਂ 1500 ਰੁਪਏ ਪ੍ਰਤੀ ਲਾਭਪਾਤਰੀ ਪੈਨਸ਼ਨ ਦਿੱਤੀ ਜਾਣੀ ਹੈ।
ਬੁਢਾਪਾ ਪੈਨਸ਼ਨ ਦੀ ਪ੍ਰਕਿਰਿਆ ਹੁਣ ਅੱਧ ਵਿਚਾਲੇ ਰੁਕ ਗਈ ਹੈ ਕਿਉਂਕਿ ਸਰਕਾਰ ਸੋਚ ਰਹੀ ਹੈ ਕਿ ਵਧੀ ਹੋਈ ਪੈਨਸ਼ਨ ਬੈਂਕ ਖਾਤਿਆਂ ਵਿਚ ਪਾਉਣ ਦੀ ਥਾਂ ਚੈੱਕਾਂ ਜ਼ਰੀਏ ਦਿੱਤੀ ਜਾਵੇ। ਆਖ਼ਰੀ ਫੈਸਲਾ ਮੁੱਖ ਮੰਤਰੀ ਪੱਧਰ ’ਤੇ ਹੋਣਾ ਹੈ ਜਿਸ ਕਰਕੇ ਬਜ਼ੁਰਗਾਂ ਦੀ ਉਡੀਕ ਹੋਰ ਲੰਮੀ ਹੋ ਗਈ ਹੈ।
ਸੂਤਰਾਂ ਅਨੁਸਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤਰਫੋਂ ਅੱਜ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰਾਂ ਨੂੰ ਮੋਬਾਈਲ ਸੁਨੇਹੇ ਜ਼ਰੀਏ ਹਦਾਇਤ ਕੀਤੀ ਗਈ ਹੈ ਕਿ ਐਤਕੀਂ ਲਾਭਪਾਤਰੀਆਂ ਨੂੰ ਪੈਨਸ਼ਨ ਸ਼ਾਇਦ ਚੈੱਕਾਂ ਜ਼ਰੀਏ ਕੀਤੀ ਜਾਵੇਗੀ ਜਿਸ ਕਰਕੇ ਪਿੰਡ ਵਾਰ ਲਾਭਪਾਤਰੀਆਂ ਦੀਆਂ ਸੂਚੀਆਂ ਤਿਆਰ ਰੱਖੀਆਂ ਜਾਣ। ਸੂਤਰ ਦੱਸਦੇ ਹਨ ਕਿ ਸਰਕਾਰੀ ਖਜ਼ਾਨੇ ’ਚੋਂ ਵਧੀ ਹੋਈ ਪੈਨਸ਼ਨ ਦਾ ਪੈਸਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਦੇ ਖਾਤਿਆਂ ਵਿਚ ਤਬਦੀਲ ਹੋ ਚੁੱਕਾ ਹੈ।
ਪਤਾ ਲੱਗਾ ਹੈ ਕਿ ਚੈੱਕ ਦਿੱਤੇ ਜਾਣ ਦੀ ਸੂਰਤ ਵਿਚ ਇਹ ਪੈਸਾ ਅੱਗੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਤਬਦੀਲ ਕੀਤਾ ਜਾ ਸਕਦਾ ਹੈ ਅਤੇ ਅੱਗੇ ਪੰਚਾਇਤ ਵਿਭਾਗ ਲਾਭਪਾਤਰੀਆਂ ਤੱਕ ਚੈੱਕ ਪੁੱਜਦੇ ਕਰੇਗਾ। ਪੰਜਾਬ ਸਰਕਾਰ ਨੇ ਪਹਿਲੀ ਜੁਲਾਈ ਤੋਂ ਪੈਨਸ਼ਨ 750 ਤੋਂ ਵਧਾ ਕੇ 1500 ਰੁਪਏ ਕਰਨ ਦਾ ਫੈਸਲਾ ਲਾਗੂ ਕਰ ਦਿੱਤਾ ਹੈ। ਇਸ ਪੈਨਸ਼ਨ ਦਾ ਲਾਭ ਕੁੱਲ 26.21 ਲੱਖ ਲਾਭਪਾਤਰੀਆਂ ਨੂੰ ਮਿਲਣਾ ਹੈ, ਜਿਸ ਵਿਚ 17.64 ਲੱਖ ਬਜ਼ੁਰਗ ਵੀ ਸ਼ਾਮਲ ਹਨ। ਜੁਲਾਈ ਮਹੀਨੇ ਦੀ ਪੈਨਸ਼ਨ ਦੀ ਕੁੱਲ 393 ਕਰੋੜ ਦੀ ਰਾਸ਼ੀ ਵੰਡੀ ਜਾਣੀ ਹੈ।
ਚਰਚੇ ਛਿੜੇ ਹਨ ਕਿ ਜੇਕਰ ਸਰਕਾਰ ਨੇ ਚੈੱਕਾਂ ਜ਼ਰੀਏ ਪੈਨਸ਼ਨ ਵੰਡਣ ਦਾ ਫੈਸਲਾ ਕੀਤਾ ਤਾਂ ਕਰੀਬ 26 ਲੱਖ ਚੈੱਕ ਤਿਆਰ ਕਰਨੇ ਪੈਣਗੇ ਜਿਸ ਨਾਲ ਬਜ਼ੁਰਗ ਅਤੇ ਅਪਾਹਜ ਲਾਭਪਾਤਰੀਆਂ ਦੀ ਖੱਜਲਖੁਆਰੀ ਵੀ ਵਧੇਗੀ। ਦੂਸਰੀ ਤਰਫ ਸਰਕਾਰ ਅੰਦਰੋਂ ਇਹ ਸੋਚ ਰਹੀ ਹੈ ਕਿ ਲਾਭਪਾਤਰੀ ਹਵਾਲੇ ਚੈੱਕ ਕਰਕੇ ਇਸ ਦੀ ਸਿਆਸੀ ਭੱਲ ਖੱਟੀ ਜਾਵੇ। ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਵਧੀ ਹੋਈ ਪਹਿਲੀ ਪੈਨਸ਼ਨ ਵੰਡਣ ਲਈ ਜ਼ਿਲ੍ਹਾ ਵਾਈਜ਼ ਸਮਾਗਮ ਵੀ ਕਰ ਸਕਦੀ ਹੈ ਜਿਸ ਬਾਰੇ ਹਾਲੇ ਕੋਈ ਫੈਸਲਾ ਨਹੀਂ ਹੋਇਆ ਹੈ।
ਬੁਢਾਪਾ ਪੈਨਸ਼ਨ ਪਹਿਲਾਂ ਸਰਪੰਚਾਂ ਰਾਹੀਂ ਵੀ ਵੰਡੀ ਜਾਂਦੀ ਰਹੀ ਹੈ। ਮੌਜੂਦਾ ਪ੍ਰਬੰਧਾਂ ਅਨੁਸਾਰ ਪੈਨਸ਼ਨ ਲਾਭਪਾਤਰੀਆਂ ਦੇ ਸਿੱਧੀ ਬੈਂਕ ਖਾਤਿਆਂ ਵਿਚ ਪਾਈ ਜਾਂਦੀ ਰਹੀ ਹੈ ਜਿਸ ਨਾਲ ਲਾਭਪਾਤਰੀ ਨੂੰ ਵੀ ਸੌਖ ਰਹਿੰਦੀ ਹੈ। ਮੁੱਖ ਮੰਤਰੀ ਵੱਲੋਂ ਹਾਲੇ ਕੋਈ ਫੈਸਲਾ ਨਾ ਲਏ ਜਾਣ ਕਰਕੇ ਜੁਲਾਈ ਮਹੀਨੇ ਦੀ ਪੈਨਸ਼ਨ ਦੀ ਵੰਡ ਦਾ ਕੰਮ ਰੁਕਿਆ ਪਿਆ ਹੈ। ਉਧਰ, ਬਜ਼ੁਰਗ ਬੁਢਾਪਾ ਪੈਨਸ਼ਨ ਉਡੀਕ ਰਹੇ ਹਨ।
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਵਿਪਲ ਉਜਵਲ ਦਾ ਕਹਿਣਾ ਸੀ ਕਿ ਵਧੀ ਹੋਈ ਪੈਨਸ਼ਨ ਦੀ ਵੰਡ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦੀ ਪੈਨਸ਼ਨ ਦਿੱਤੀ ਜਾਵੇਗੀ।
ਬਜ਼ੁਰਗਾਂ ਨੂੰ ਖੱਜਲ ਨਾ ਕੀਤਾ ਜਾਵੇ: ਬਲਵਿੰਦਰ ਸਿੰਘ
ਲੋਕ ਅਧਿਕਾਰ ਲਹਿਰ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਪੈਨਸ਼ਨ ਪਹਿਲਾਂ ਦੀ ਤਰ੍ਹਾਂ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ ਵਿਚ ਤਬਦੀਲ ਕਰੇ। ਉਨ੍ਹਾਂ ਕਿਹਾ ਕਿ ਚੈੱਕਾਂ ਰਾਹੀਂ ਪੈਨਸ਼ਨ ਵੰਡ ਕੇ ਸਰਕਾਰ ਬਜ਼ੁਰਗਾਂ ਅਤੇ ਅਪਾਹਜਾਂ ਨੂੰ ਖੱਜਲ ਨਾ ਕਰੇ। ਅਗਰ ਸਰਕਾਰ ਇਸ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ ਤਾਂ ਫਲੈਕਸ ਲਵਾ ਲਵੇ ਪ੍ਰੰਤੂ ਪੈਨਸ਼ਨ ਸਿੱਧੀ ਖਾਤਿਆਂ ਵਿਚ ਪਾਈ ਜਾਵੇ।
ਹਾਲੇ ਵਿਚਾਰ ਕਰ ਰਹੇ ਹਾਂ: ਅਰੁਣਾ ਚੌਧਰੀ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਦਾ ਕਹਿਣਾ ਸੀ ਕਿ ਵਿਧਾਇਕਾਂ ਤੇ ਮੰਤਰੀਆਂ ਦੀ ਇੱਛਾ ਹੈ ਕਿ ਪਹਿਲੀ ਵਧੀ ਹੋਈ ਪੈਨਸ਼ਨ ਸੰਕੇਤਕ ਤੌਰ ’ਤੇ ਚੈੱਕਾਂ ਜ਼ਰੀਏ ਵੰਡੀ ਜਾਵੇ ਜਿਸ ਬਾਰੇ ਉਹ ਹਾਲੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਕੀ ਮਹੀਨਿਆਂ ਵਿਚ ਪੈਨਸ਼ਨ ਪਹਿਲਾਂ ਦੀ ਤਰ੍ਹਾਂ ਸਿੱਧੀ ਖਾਤਿਆਂ ਵਿਚ ਹੀ ਤਬਦੀਲ ਹੋਇਆ ਕਰੇਗੀ।