ਸੰਜੀਵ ਬੱਬੀ
ਚਮਕੌਰ ਸਾਹਿਬ, 3 ਜੂਨ
ਮੁੱਖ ਅੰਸ਼
- ਕਰੋਨਾ ਯੋਧਿਆਂ ਨੂੰ ਸਪਰਪਿਤ 100 ਕਿਲੋਮੀਟਰ ਰੈਲੀ ਕੱਢੀ
ਰੂਪਨਗਰ ਸਾਈਕਲਿੰਗ ਕਲੱਬ ਵੱਲੋਂ ਵਿਸ਼ਵ ਸਾਈਕਲ ਦਿਵਸ ਮੌਕੇ ਰੂਪਨਗਰ ਤੋਂ ਨੀਲੋਂ ਤੱਕ ਸਾਈਕਲ ਚੇਤਨਾ ਰੈਲੀ ਗੁਰਪ੍ਰੀਤ ਸਿੰਘ ਹੀਰਾ ਅਤੇ ਸੁਖਦੇਵ ਸਿੰਘ ਦੀ ਅਗਵਾਈ ਹੇਠ ਸਫ਼ਲਤਾ ਪੂਰਬਕ ਕੱਢੀ ਗਈ।
ਕਲੱਬ ਦੇ ਫਾਊਂਡਰ ਮੈਂਬਰ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਚਮਕੌਰ ਸਾਹਿਬ ਵਿਚ 20 ਤੋਂ ਵੱਧ ਸਾਈਕਲ ਚਾਲਕਾਂ ਦੇ ਕਾਫ਼ਲੇ ਨੂੰ ਸੰਬੋਧਨ ਕਰਦਿਆਂ ਰੂਪਨਗਰ ਦੇ ਉੱਘੇ ਸਮਾਜਸੇਵੀ ਇੰਦਰਪਾਲ ਸਿੰਘ ਰਾਜੂ ਸਤਿਆਲ, ਰੂਪਨਗਰ ਜ਼ਿਲ੍ਹੇ ਦੇ ਮੋਢੀ ਸਾਈਕਲਿਸਟ ਇੰਦਰਜੀਤ ਸਿੰਘ ਬਾਲਾ ਨੇ ਦੱਸਿਆ ਕਿ ਯੂਐੱਨਓ ਵੱਲੋਂ ਤਿੰਨ ਸਾਲ ਪਹਿਲਾਂ 3 ਜੂਨ ਨੂੰ ਸਾਈਕਲ ਦੇ ਸਮਾਜਿਕ, ਆਰਥਿਕ ਤੇ ਸਰੀਰਕ ਲਾਭਾਂ ਨੂੰ ਉਜਾਗਰ ਕਰਨ ਹਿੱਤ ਇਹ ਦਿਵਸ ਘੋਸ਼ਿਤ ਕੀਤਾ ਗਿਆ ਸੀ, ਜਿਸ ’ਤੇ ਅੱਜ ਦੀ ਇਹ 100 ਕਿਲੋਮੀਟਰ ਲੰਮੀ ਸਾਈਕਲ ਚੇਤਨਾ ਰੈਲੀ ਕਰੋਨਾ ਯੋਧਿਆਂ ਦੇ ਅਣਥੱਕ ਯਤਨਾਂ ਨੂੰ ਵਿਸ਼ੇਸ਼ ਤੌਰ ’ਤੇ ਸਪਰਪਿਤ ਕੀਤੀ ਗਈ ਹੈ। ਇਸ ਰੈਲੀ ਦੌਰਾਨ ਰੂਪਨਗਰ ਤੇ ਚਮਕੌਰ ਸਾਹਿਬ ਤੋਂ ਵੱਡੀ ਗਿਣਤੀ ਸਾਈਕਲ ਪ੍ਰੇਮੀ ਸ਼ਾਮਲ ਹੋਏ। ਇਸ ਰੈਲੀ ਵਿੱਚ ਸ਼ਾਮਲ ਸਮੂਹ ਸਾਈਕਲ ਚਾਲਕਾਂ ਨੂੰ ਨੀਲੋਂ ਵਿਚ ਧਰਮਿੰਦਰ ਸਿੰਘ ਭੰਗੂ ਵੱਲੋਂ ਰਿਫੈਸ਼ਮੈਂਟ ਦਿੱਤੀ ਗਈ। ਰੈਲੀ ਵਿੱਚ ਸੱਤਵੀਂ ਜਮਾਤ ਦਾ ਵਿਦਿਆਰਥੀ ਅਨੁਰਾਗਦੀਪ ਸਿੰਘ ਵੀ ਸ਼ਾਮਲ ਸੀ।
ਵਿਸ਼ਵ ਸਾਈਕਲ ਦਿਵਸ ਮਨਾਇਆ
ਨੰਗਲ (ਨਿੱਜੀ ਪੱਤਰ ਪ੍ਰੇਰਕ): ਵਿਸ਼ਵ ਸਾਈਕਲ ਦਿਵਸ ਮੌਕੇ ਇਲਾਕੇ ਦੇ ਸਾਈਕਲ ਪ੍ਰੇਮੀਆਂ ਦੇ ਗਰੁੱਪ ਨੇ ਲਗਪਗ 20 ਕਿਲੋਮੀਟਰ ਤੱਕ ਸਾਈਕਲ ਦੀ ਯਾਤਰਾ ਕੀਤੀ ਅਤੇ ਵਤਾਵਰਨ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਇਸ ਸਾਈਕਲ ਯਾਤਰਾ ਨੂੰ ਬੀਬੀਐੱਮਬੀ ਦੇ ਡਿਪਟੀ ਚੀਫ਼ ਇੰਜ. ਹੁਸਨ ਲਾਲ ਕੰਬੋਜ ਅਤੇ ਕੇ ਕੇ ਕਚੋਰਿਆ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਵੱਖ ਵੱਖ ਇਲਾਕਿਆਂ ਵਿਚੋਂ ਘੰਮ ਕੇ ਆਈ ਇਸ ਸਾਈਕਲ ਯਾਤਰਾ ਦਾ ਅੰਤ ਸਥਾਨਕ ਸਤਲੁਜ ਸਦਨ ਵਿਚ ਕੀਤਾ ਗਿਆ।