ਕਰਮਜੀਤ ਸਿੰਘ ਚਿੱਲਾ
ਬਨੂੜ, 11 ਮਈ
ਇਥੇ ਅਜ਼ੀਜ਼ਪੁਰ ਟੌਲ ਪਲਾਜ਼ਾ ਉੱਤੇ ਬੀਕੇਐੱਸ ਕੰਪਨੀ ਨੇ ਟੌਲ ਪਲਾਜ਼ੇ ਦੇ ਅੱਠ ਕਿਲੋਮੀਟਰ ਘੇਰੇ ਵਿੱਚ ਆਉਂਦੇ 18 ਪਿੰਡਾਂ ਦੇ ਵਸਨੀਕਾਂ ਨੂੰ ਬਿਨਾਂ ਟੌਲ ਦਿੱਤਿਆਂ ਲੰਘਣ ਦੀ ਸਹੂਲਤ ਵਾਪਸ ਲੈ ਲਈ ਹੈ। ਕੰਪਨੀ ਦੇ ਮੈਨੇਜਰ ਰਵਿੰਦਰ ਕੁਮਾਰ ਰਾਣਾ ਨੇ ਪਿਛਲੇ ਮਹੀਨੇ 24 ਅਪਰੈਲ ਨੂੰ ਕਿਸਾਨ ਜਥੇਬੰਦੀਆਂ ਨਾਲ ਲਿਖਤੀ ਸਮਝੌਤੇ ਤਹਿਤ ਇਹ ਛੋਟ ਦੇਣ ਦਾ ਐਲਾਨ ਕੀਤਾ ਗਿਆ ਸੀ।
ਇਹ ਛੋਟ ਅਠਾਰਾਂ ਪਿੰਡਾਂ ਦੇ ਵਸਨੀਕਾਂ ਦੀਆਂ ਨਿੱਜੀ ਗੱਡੀਆਂ ਲਈ ਸੀ ਅਤੇ ਵਪਾਰਕ ਵਾਹਨਾਂ ਲਈ ਅੱਧੀ ਟੌਲ ਪਰਚੀ ਐਲਾਨੀ ਗਈ ਸੀ। ਉਸੇ ਦਿਨ ਤੋਂ ਫ਼ਾਸਟ ਟੈਗ ਉੱਤੇ ਹੀ ਜ਼ੀਰੋ ਬੈਲੇਂਸ ਰਾਹੀਂ ਇਹ ਛੋਟ ਉਪਲਬੱਧ ਹੋ ਗਈ ਸੀ ਪਰ ਕੰਪਨੀ ਵੱਲੋਂ ਇਹ ਸਹੂਲਤ ਵਾਪਸ ਲਏ ਜਾਣ ਮਗਰੋਂ ਹੁਣ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਟੌਲ ਪਰਚੀ ਦੀ ਫ਼ੀਸ ਅਦਾ ਕਰਕੇ ਹੀ ਲੰਘਣਾ ਪੈ ਰਿਹਾ ਹੈ।
ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਗਜੀਤ ਸਿੰਘ ਜੱਗੀ ਕਰਾਲਾ, ਰਾਜੇਵਾਲ ਗਰੁੱਪ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕਿਰਪਾਲ ਸਿੰਘ ਸਿਆਊ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ, ਚੜੂਨੀ ਗਰੁੱਪ ਦੇ ਸਰਕਲ ਬਨੂੜ ਦੇ ਪ੍ਰਧਾਨ ਨੰਬਰਦਾਰ ਸਤਨਾਮ ਸਿੰਘ ਸੱਤਾ ਖਲੌਰ, ਗੁਰਪ੍ਰੀਤ ਸਿੰਘ ਸੇਖਨ ਮਾਜਰਾ, ਹਰਦੀਪ ਸਿੰਘ ਬਲਟਾਣਾ ਤੇ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਟੌਲ ਪਲਾਜ਼ਾ ਕੰਪਨੀ ਦੇ ਮੈਨੇਜਰ ਨੂੰ ਅੱਜ ਮੰਗ ਪੱਤਰ ਸੌਂਪਿਆ ਗਿਆ। ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਗਲੇ ਦੋ ਦਿਨਾਂ ਵਿੱਚ ਟੌਲ ਛੋਟ ਸਹੂਲਤ ਮੁੜ ਆਰੰਭ ਨਾ ਕੀਤੀ ਤਾਂ ਇਲਾਕਾ ਵਾਸੀਆਂ ਵੱਲੋਂ ਸੰਘਰਸ਼ ਆਰੰਭਿਆ ਜਾਵੇਗਾ।
ਨਿਯਮਾਂ ਅਨੁਸਾਰ ਨਹੀਂ ਦਿੱਤੀ ਜਾ ਸਕਦੀ ਕੋਈ ਛੋਟ
ਅਜ਼ੀਜ਼ਪੁਰ ਟੌਲ ਪਲਾਜ਼ਾ ਉੱਤੇ ਟੌਲ ਇਕੱਤਰ ਕਰਨ ਵਾਲੀ ਬੀਕੇਐੱਸ ਕੰਪਨੀ ਦੇ ਮੈਨੇਜਰ ਸਿਰੀ ਪਾਲ ਨੇ ਟੌਲ ਛੋਟ ਰੱਦ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਅਜਿਹੀ ਕੋਈ ਛੋਟ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਟੌਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ਵਾਲੇ ਖੇਤਰ ਦੇ ਵਸਨੀਕ 315 ਰੁਪਏ ਪ੍ਰਤੀ ਮਹੀਨਾ ਦਾ ਪਾਸ ਬਣਾ ਸਕਦੇ ਹਨ ਤੇ ਉਹ ਜਿੰਨੀ ਵਾਰ ਮਰਜ਼ੀ ਆ-ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੰਪਨੀ ਦੇ ਜਿਹੜੇ ਮੈਨੇਜਰ ਨੇ ਕਿਸਾਨ ਜਥੇਬੰਦੀਆਂ ਨਾਲ ਲਿਖਤੀ ਸਮਝੌਤੇ ਤਹਿਤ ਅਜਿਹੀ ਛੋਟ ਐਲਾਨੀ ਸੀ, ਉਸ ਨੂੰ ਨੌਕਰੀਉਂ ਹਟਾ ਦਿੱਤਾ ਗਿਆ ਹੈ ਤੇ ਉਸ ਖ਼ਿਲਾਫ਼ ਕੰਪਨੀ ਨਾਲ ਧੋਖਾਧੜੀ ਕਰਨ ਦੇ ਦੋਸ਼ ਅਧੀਨ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ।