ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 2 ਅਗਸਤ
ਕੇਂਦਰ ਸਰਕਾਰ ਵਲੋਂ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ’ਤੇ ਜੀਐੱਸਟੀ ਲਾਉਣ ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਤਿੱਖਾ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦ ਕਿ ਇਹ ਸੰਸਥਾਵਾਂ ਲੋਕ ਭਲਾਈ ਲਈ ਸਭ ਤੋਂ ਵੱਡਾ ਯੋਗਦਾਨ ਤੇ ਸਰਕਾਰ ਦਾ ਸਹਿਯੋਗ ਕਰਦੀਆਂ ਹਨ ਤਾਂ ਅਜਿਹੇ ਟੈਕਸ ਕਿਉਂ ਲਗਾਏ ਜਾ ਰਹੇ ਹਨ। ਸੰਗਤ ਦੇ ਸਿਰ ਲੁਕਾਵੇ ਅਰਾਮ ਲਈ ਬਣਾਈਆਂ ਸਰਾਵਾਂ ਵਿਚੋਂ ਕਿਸੇ ਤਰ੍ਹਾਂ ਦਾ ਲਾਭ ਨਹੀਂ ਲਿਆ ਜਾਂਦਾ, ਕੇਵਲ ਦੇਖਭਾਲ ਤੇ ਹੋਣ ਵਾਲੇ ਖਰਚਾਂ ਦੇ ਅਨੁਮਾਤ ਤੋਂ ਵੀ ਘੱਟ ਸਹਿਯੋਗ ਵਜੋਂ ਟੋਕਨ ਰੂਪੀ ਕਿਰਾਇਆ ਵਸੂਲਿਆ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਧਾਰਮਿਕ ਅਸਥਾਨਾਂ ਦੀਆਂ ਸਰਾਵਾਂ ਉਪਰ ਲਾਈ ਗਈ ਜੀਐੱਸਟੀ ਫੌਰੀ ਵਾਪਸ ਲਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਕਿਸੇ ਖਿਤੇ ਵਿੱਚ ਕੋਈ ਕੁਦਰਤੀ ਆਫਤ ਆਉਂਦ ਹੈ ਤਾਂ ਇਹ ਸੰਸਥਾਵਾਂ ਸਰਕਾਰ ਤੋਂ ਪਹਿਲਾਂ ਲੋਕਾਂ ਦੀ ਸੇਵਾ ਸੰਭਾਲ ਲਈ ਪੁੱਜਦੀਆਂ ਹਨ। ਸਰਕਾਰ ਦੇ ਕਾਰਜ ਇਹ ਸੰਸਥਾਵਾਂ ਆਪਣਾ ਫਰਜ਼ ਸਮਝ ਕੇ ਨਿਭਾਉਦੀਆਂ ਹਨ। ਸਰਕਾਰ ਨੂੰ ਟੈਕਸ ਲਾਉਣ ਤੋਂ ਪਹਿਲਾਂ ਹਰ ਪੱਖ ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ। ਟੈਕਸ ਲਾਉਣ ਦੀ ਭਾਵਨਾ ਨਾਲ ਹੀ ਕੰਮ ਨਹੀ ਕਰਨਾ ਚਾਹੀਦਾ।