ਚਰਨਜੀਤ ਭੁੱਲਰ
ਚੰਡੀਗੜ੍ਹ, 10 ਅਗਸਤ
ਪੱਛੜੀਆਂ ਸ਼੍ਰੇਣੀਆਂ ਭਾਈਚਾਰੇ ਦੇ ਵਿਧਾਇਕਾਂ ਅਤੇ ਆਗੂਆਂ ਨੇ ਅੱਜ ਆਪਣੇ ਨਾਲ ਹੁੰਦੇ ਵਿਤਕਰੇ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਜਾਣੂ ਕਰਵਾਇਆ। ਉਨ੍ਹਾਂ ਪਾਰਟੀ ਪ੍ਰਧਾਨ ਤੋਂ ਆਬਾਦੀ ਦੇ ਹਿਸਾਬ ਨਾਲ ਪੱਛੜੀਆਂ ਸ਼੍ਰੇਣੀਆਂ ਨੂੰ ਟਿਕਟਾਂ ਦੇਣ ਅਤੇ ਮੰਤਰੀ ਮੰਡਲ ਵਿੱਚ ਬਣਦੀ ਨੁਮਾਇੰਦਗੀ ਦੇਣ ਦੀ ਮੰਗ ਕਰਦਿਆਂ ਜਥੇਬੰਦਕ ਢਾਂਚੇ ਵਿੱਚ ਵੀ ਥਾਂ ਮੰਗੀ।
ਪੰਜਾਬ ਕਾਂਗਰਸ ਵੱਲੋਂ ਇੱਥੇ ਕਾਂਗਰਸ ਭਵਨ ਵਿੱਚ ਪਾਰਟੀ ਦੇ ਪੱਛੜੀਆਂ ਸ਼੍ਰੇਣੀਆਂ ਭਲਾਈ ਸੈੱਲ ਦੀ ਸੱਦੀ ਗਈ ਮੀਟਿੰਗ ਦੌਰਾਨ ਨੌਂ ਵਿਧਾਇਕਾਂ ਤੋਂ ਇਲਾਵਾ ਸੈੱਲ ਦੇ ਚੇਅਰਮੈਨ ਗੁਰਿੰਦਰ ਸਿੰਘ ਬਿੱਲਾ ਨੇ ਸ਼ਮੂਲੀਅਤ ਕੀਤੀ। ਸ੍ਰੀ ਬਿੱਲਾ ਨੇ ਦੱਸਿਆ ਕਿ ਪੰਜਾਬ ਵਿੱਚ ਪੱਛੜੀਆਂ ਸ਼੍ਰੇਣੀਆਂ ਦੀ ਆਬਾਦੀ ਕਰੀਬ 27 ਫ਼ੀਸਦੀ ਹੈ, ਪਰ ਇਸ ਲਿਹਾਜ਼ ਨਾਲ ਕਿਧਰੇ ਵੀ ਸਿਆਸੀ ਪ੍ਰਤੀਨਿਧਤਾ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੱਛੜੀਆਂ ਸ਼੍ਰੇਣੀਆਂ ਵਿੱਚ ਕਰੀਬ 71 ਜਾਤੀਆਂ ਸ਼ਾਮਲ ਹਨ।
ਹਲਕਾ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਾਰਟੀ ਨੂੰ ਪੱਛੜੇ ਸਮਾਜ ਨਾਲ ਜੁੜੇ ਲੋਕਾਂ ਦੇ ਮਸਲਿਆਂ ਤੋਂ ਜਾਣੂ ਕਰਵਾਇਆ ਅਤੇ ਮੰਗ ਕੀਤੀ ਕਿ ਪੱਛੜੇ ਭਾਈਚਾਰੇ ਦੀ ਆਬਾਦੀ ਦੇ ਲਿਹਾਜ਼ ਨਾਲ ਉਨ੍ਹਾਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਪੱਛੜੇ ਸਮਾਜ ਦੇ ਰਾਖਵੇਂਕਰਨ ਦਾ ਮੁੱਦਾ ਵੀ ਚੁੱਕਿਆ।
ਆਗੂਆਂ ਨੇ ਭਰੋਸਾ ਦਿਵਾਇਆ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਹੁਣ ਤੋਂ ਹੀ ਜੁਟ ਜਾਣਗੇ। ਮੀਟਿੰਗ ਵਿਚ ਪੱਛੜੀਆਂ ਸ਼੍ਰੇਣੀਆਂ ਸੈੱਲ ਦੇ ਜ਼ਿਲ੍ਹਾ ਪੱਧਰੀ ਆਗੂ ਵੀ ਸ਼ਾਮਲ ਸਨ, ਜਿਨ੍ਹਾਂ ਤੋਂ ਪਾਰਟੀ ਪ੍ਰਧਾਨ ਨੇ ਸਲਾਹ ਵੀ ਲਈ। ਪ੍ਰਧਾਨ ਨਵਜੋਤ ਸਿੱਧੂ ਨੇ ਪੱਛੜੇ ਸਮਾਜ ਨੂੰ ਪਾਰਟੀ ਵਿਚ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। ਕਰੀਬ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਪਵਨ ਗੋਇਲ ਜੈਤੋ, ਵਿਧਾਇਕ ਕੁਲਜੀਤ ਸਿੰਘ ਨਾਗਰਾ ਤੋਂ ਇਲਾਵਾ ਵਿਧਾਇਕ ਹਰਜੋਤ ਕਮਲ, ਦਰਸ਼ਨ ਲਾਲ, ਇੰਦੂ ਬਾਲਾ, ਮਦਨ ਲਾਲ ਜਲਾਲਪੁਰ ਤੇ ਰਾਜਿੰਦਰ ਸਿੰਘ ਵੀ ਸ਼ਾਮਲ ਸਨ।
ਆਗੂਆਂ ਨੇ ਪਾਰਟੀ ਵਿੱਚ ਅਣਦੇਖੀ ਦੀ ਗੱਲ ਉਭਾਰੀ
ਪੱਛੜੇ ਸਮਾਜ ਦੇ ਆਗੂਆਂ ਨੇ ਸਿਆਸੀ ਪੱਖਪਾਤ ਅਤੇ ਪਾਰਟੀ ਵਿੱਚ ਅਣਦੇਖੀ ਦੀ ਗੱਲ ਮੁੱਖ ਤੌਰ ’ਤੇ ਉਭਾਰੀ। ਕਈ ਆਗੂਆਂ ਨੇ ਰੋਹ ’ਚ ਕਿਹਾ ਕਿ ਪੱਛੜੇ ਸਮਾਜ ਵੱਲੋਂ ਸਿਆਸੀ ਰੈਲੀਆਂ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਇਆ ਜਾਂਦਾ ਹੈ ਪਰ ਮਗਰੋਂ ਉਨ੍ਹਾਂ ਦੀ ਪੁੱਛਗਿੱਛ ਵੀ ਨਹੀਂ ਹੁੰਦੀ। ਇਸ ’ਤੇ ਸ੍ਰੀ ਸਿੱਧੂ ਨੇ ਭਰੋਸਾ ਦਿਵਾਇਆ ਕਿ ਪੱਛੜੇ ਸਮਾਜ ਨੂੰ ਪਾਰਟੀ ਵਿੱਚ ਢੁਕਵੀਂ ਨੁਮਾਇੰਦਗੀ ਮਿਲੇਗੀ। ਇਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਨਾਲ ਵਿਚਾਰ-ਚਰਚਾ ਕਰਨ ਦੀ ਵੀ ਗੱਲ ਆਖੀ।