ਗੁਰਨਾਮ ਸਿੰਘ ਚੌਹਾਨ
ਪਾਤੜਾਂ, 22 ਜਨਵਰੀ
ਰਾਖਵਾਂ ਹਲਕਾ ਸ਼ੁਤਰਾਣਾ ਨੂੰ ਚੋਣ ਵਿਭਾਗ ਦੀ ਹਲਕਾ ਸੂਚੀ ਵਿੱਚ 117ਵਾਂ ਸਥਾਨ ਹਾਸਲ ਹੈ। ਹਲਕੇ ਵਿੱਚ ਗਲੀਆਂ-ਨਾਲੀਆਂ, ਸੜਕਾਂ, ਪਾਣੀ, ਸਿਹਤ ਸਹੂਲਤਾਂ ਅਤੇ ਰੇਲਵੇ ਲਾਈਨ ਵਰਗੇ ਅਹਿਮ ਮਸਲੇ ਅਜੇ ਵੀ ਹਵਾ ਵਿੱਚ ਲਟਕੇ ਹੋਏ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਨਿਰਮਲ ਸਿੰਘ ਹਲਕੇ ਤੋਂ ਤੀਸਰੀ ਵਾਰ ਵਿਧਾਇਕ ਬਣੇ ਸਨ।
ਹਲਕਾ ਸ਼ੁਤਰਾਣਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਪਾਤੜਾਂ ਨੂੰ ਅਨਾਜ ਮੰਡੀ, ਟਰੌਮਾ ਸੈਂਟਰ ਤੇ ਕੁੜੀਆਂ ਦਾ ਕਾਲਜ, ਜੁਡੀਸ਼ਲ ਕੋਰਟ, ਪੇਂਡੂ ਖੇਤਰ ਦੇ ਸਕੂਲਾਂ ’ਚ ਨਾਨ-ਮੈਡੀਕਲ ਤੇ ਮੈਡੀਕਲ ਦੀ ਪੜ੍ਹਾਈ ਮੁਹੱਈਆ ਕਰਵਾਉਣ ਤੇ ਡਰੇਨਾਂ ਦਾ ਨਿਰਮਾਣ ਕਰਵਾਉਣ ਵਰਗੇ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਅਜੇ ਤੱਕ ਬੂਰ ਨਹੀਂ ਪਿਆ।
ਹਲਕੇ ਦੇ ਕੁਝ ਪਿੰਡਾਂ ਵਿੱਚ ਅਤਿ ਦਰਜੇ ਦੀ ਗਰੀਬੀ ਹੈ, ਪੀਣ ਵਾਲਾ ਸਾਫ਼-ਸੁਥਰਾ ਪਾਣੀ ਨਹੀਂ, ਗੁਰਬਤ ਦੇ ਮਾਰੇ ਲੋਕਾਂ ਦੇ ਮਕਾਨਾਂ ਦੀਆਂ ਛੱਤਾਂ ਬਾਲਿਆਂ ਵਾਲੀਆਂ ਹਨ। ਘੱਗਰ ਦੇ ਮੁੱਦੇ ਨੂੰ ਸਿਰਫ ਰਾਜਨੀਤਕ ਮੁੱਦਾ ਬਣਾ ਕੇ ਰੱਖਿਆ ਗਿਆ ਹੈ, ਦਹਾਕਿਆਂ ਤੋਂ ਸਰਕਾਰੀ ਸਕੂਲ ਅਪਗ੍ਰੇਡ ਨਹੀਂ ਕੀਤੇ ਗਏ, ਉੱਚ ਸਿੱਖਿਆ ਲਈ ਸਥਾਪਤ ਸਰਕਾਰੀ ਕਾਲਜ ਵਿੱਚ ਰੈਗੂਲਰ ਅਧਿਆਪਕ ਨਹੀਂ, ਸਿਹਤ ਕੇਂਦਰਾਂ ਵਿੱਚੋਂ ਐੱਮਬੀਬੀਐੱਸ ਡਾਕਟਰਾਂ ਦੀ ਅਸਾਮੀ ਖਤਮ ਕਰ ਦਿੱਤੀ ਗਈ। ਆਮ ਲੋਕਾਂ ਦੇ ਪਿੰਡਾਂ ਤੋਂ ਸ਼ਹਿਰ ਜਾਣ ਲਈ ਬੱਸ ਸੇਵਾ ਦਾ ਕੋਈ ਬੰਦੋਬਸਤ ਨਹੀਂ।
ਵਿਧਾਇਕ ਨਿਰਮਲ ਸਿੰਘ ਨੇ ਕਿਹਾ ਕਿ ਹਲਕੇ ਵਿੱਚ ਹਰ ਤਰ੍ਹਾਂ ਦੇ ਵਿਕਾਸ ਕਾਰਜ ਹੋਏ ਹਨ ਤੇ ਪਿੰਡਾਂ ਦੀ ਨੁਹਾਰ ਬਦਲੀ ਗਈ ਹੈ। ਉਨ੍ਹਾਂ ਦੱਸਿਆ ਕਿ ਉਗੋਕੇ ਬਾਦਸ਼ਾਹਪੁਰ, ਧਨੇਠਾ, ਕਕਰਾਲਾ, ਸ਼ੁਤਰਾਣਾ ਸਮੇਤ ਅੱਧੀ ਦਰਜਨ ਮੰਡੀਆਂ ਦੇ ਫੜ੍ਹਾਂ ਦਾ ਨਵੀਨੀਕਰਨ ਹੋਇਆ ਹੈ। ਰੇਤਗੜ੍ਹ ਤੋਂ ਸ਼ੁਤਰਾਣਾ ਮੁੱਖ ਸੜਕ ਦਾ ਨਵੀਨੀਕਰਨ ਵੀ ਸ਼ਾਮਲ ਹੈ। ਬਕਰਾਹਾ ਵਿੱਚ 25 ਕਰੋੜ ਦੀ ਲਾਗਤ ਨਾਲ ਪੰਜ ਏਕੜ ’ਚ ਤਿਆਰ ਹੋਣ ਵਾਲੀ ਆਈਟੀਆਈ ਦੀ ਸਥਾਪਨਾ ਹੋਈ ਹੈ। ਘੱਗਾ, ਬੂਟਾ ਸਿੰਘ ਵਾਲਾ ਤੋਂ ਬਾਦਸ਼ਾਹਪੁਰ, ਸ਼ੁਤਰਾਣਾ ਤੋਂ ਹਰਿਆਣਾ ਬਾਰਡਰ ਅਤੇ ਅਰਨੌ ਤੋਂ ਬਹਿਰ ਸਾਹਿਬ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ। ਬਾਦਸ਼ਾਹਪੁਰ ਵਿੱਚ ਘੱਗਰ ਦੇ ਬੰਨ੍ਹ ਦਾ ਕਾਰਜ ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਰੁਕ ਗਿਆ ਹੈ।
ਅਕਾਲੀ ਦਲ ਤੋਂ ਸਾਬਕਾ ਵਿਧਾਇਕਾ ਵਨਿੰਦਰ ਕੌਰ ਲੂੰਬਾ ਨੇ ਕਿਹਾ ਕਿ ਜੋ ਕੰਮ ਅਕਾਲੀ ਸਰਕਾਰ ਵੇਲੇ ਛੱਡੇ ਗਏ ਸੀ, ਉਥੇ ਹੀ ਖੜ੍ਹੇ ਹਨ। ਮੌਜੂਦਾ ਵਿਧਾਇਕ ਆਪਣੀ ਸਰਕਾਰ ਕੋਲੋਂ ਵਿਕਾਸ ਕਾਰਜਾਂ ਲਈ ਪੈਸਾ ਜਾਰੀ ਨਹੀਂ ਕਰਵਾ ਸਕੇ।
‘ਆਪ’ ਉਮੀਦਵਾਰ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਹਲਕੇ ਦੀ ਮਾੜੀ ਹਾਲਤ ਲਈ ਇੱਥੋਂ ਦੇ ਵਿਧਾਇਕ ਜ਼ਿੰਮੇਵਾਰ ਹਨ, ਜਿਨ੍ਹਾਂ ਲੋਕਾਂ ਦੀ ਭਲਾਈ ਲਈ ਕੋਈ ਉਪਰਾਲੇ ਨਹੀਂ ਕੀਤੇ।
“ਹਲਕੇ ਵਿੱਚ ਹਰ ਤਰ੍ਹਾਂ ਦੇ ਵਿਕਾਸ ਕਾਰਜ ਹੋਏ ਅਤੇ ਪਿੰਡਾਂ ਦੀ ਨੁਹਾਰ ਬਦਲੀ।” -ਨਿਰਮਲ ਸਿੰਘ, ਕਾਂਗਰਸ |
“ਵਿਧਾਇਕ ਆਪਣੀ ਸਰਕਾਰ ਕੋਲੋਂ ਵਿਕਾਸ ਕਾਰਜਾਂ ਲਈ ਪੈਸਾ ਜਾਰੀ ਨਹੀਂ ਕਰਵਾ ਸਕੇ।” -ਵਨਿੰਦਰ ਕੌਰ ਲੂੰਬਾ, ਅਕਾਲੀ ਦਲ |
“ਮਾੜੀ ਹਾਲਤ ਲਈ ਵਿਧਾਇਕ ਜ਼ਿੰਮੇਵਾਰ, ਜਿਨ੍ਹਾਂ ਲੋਕ ਭਲਾਈ ਲਈ ਕੋਈ ਉਪਰਾਲੇ ਨਹੀਂ ਕੀਤੇ।” -ਕੁਲਵੰਤ ਸਿੰਘ, ‘ਆਪ’ |