ਪਾਲ ਸਿੰਘ ਨੌਲੀ
ਜਲੰਧਰ, 24 ਅਗਸਤ
ਸ਼ਹਿਰ ਵਿੱਚ ਟ੍ਰੈਫਿਕ ਦਾ ਦਬਾਅ ਹਰ ਸਾਲ ਵਧ ਰਿਹਾ ਹੈ ਪਰ ਨਗਰ ਨਿਗਮ ਕੋਲ ਪਾਰਕਿੰਗ ਦੀ ਕੋਈ ਠੋਸ ਯੋਜਨਾ ਨਹੀਂ ਹੈ। ਜ਼ਿਲ੍ਹੇ ਵਿੱਚ ਲਗਾਤਾਰ ਗੱਡੀਆਂ ਦੀ ਗਿਣਤੀ ਵਧ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸ਼ਹਿਰ ਵਿਚ 14 ਲੱਖ ਤੋਂ ਵਧ ਗੱਡੀਆਂ ਹਨ ਤੇ ਇਨ੍ਹਾਂ ਵਿਚ ਹਰ ਸਾਲ 10 ਫੀਸਦੀ ਵਾਧਾ ਹੋ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ 25 ਹਜ਼ਾਰ ਦੇ ਕਰੀਬ ਗੱਡੀਆਂ ਸ਼ਹਿਰ ਵਿੱਚ ਵਧ ਰਹੀਆਂ ਹਨ। ਅਪਰੈਲ ਤੋਂ ਜੁਲਾਈ ਤੱਕ ਜਿਹੜੇ ਵਾਹਨ ਸਭ ਤੋਂ ਵੱਧ ਵਿਕੇ ਹਨ ਉਨ੍ਹਾਂ ਵਿਚ ਟਰੈਕਟਰ ਵੀ ਸ਼ਾਮਲ ਹਨ। ਇਸ ਸਮੇਂ 593 ਟਰੈਕਟਰ ਸੜਕਾਂ ’ਤੇ ਆਏ ਹਨ। ਇਨ੍ਹਾਂ ਚਾਰ ਮਹੀਨਿਆਂ ਵਿੱਚ ਹੀ 2280 ਕਾਰਾਂ, 8 ਬੱਸਾਂ, 4 ਐਂਬੂਲੈਂਸਾਂ, 55 ਈ-ਰਿਕਸ਼ਾ, 5750 ਮੋਟਰਸਾਈਕਲ, 22 ਥ੍ਰੀ-ਵੀਲ੍ਹਰ, 5 ਮੋਟਰ ਕੈਬ, ਇਕ ਕਰੇਨ ਅਤੇ 15 ਕੰਬਾਈਨਾਂ ਸੜਕਾਂ ’ਤੇ ਉਤਰੀਆਂ ਹਨ। ਜਿਸ ਰਫਤਾਰ ਨਾਲ ਨਵੀਆਂ ਗੱਡੀਆਂ ਦੀ ਗਿਣਤੀ ਵਧ ਰਹੀ ਹੈ ਉਸ ਹਿਸਾਬ ਨਾਲ ਜਲੰਧਰ ਵਿੱਚ ਪਾਰਕਿੰਗ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਪਿਛਲੇ ਦਸਾਂ ਸਾਲਾਂ ਵਿੱਚ ਤਾਂ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਕਿਸੇ ਵੀ ਪ੍ਰੋਜੈਕਟ ’ਤੇ ਕੰਮ ਨਹੀਂ ਕੀਤਾ ਗਿਆ। ਇਸੇ ਕਰਕੇ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ ਤੇ ਸ਼ਹਿਰ ਵਿਚ ਲੰਬੇ ਜਾਮ ਲੱਗੇ ਰਹਿੰਦੇ ਹਨ। ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਰਾਣੀਆਂ ਗੱਡੀਆਂ ਨੂੰ ਸੜਕਾਂ ’ਤੇ ਆਉਣ ਤੋਂ ਰੋਕਣ ਲਈ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ। ਸ਼ਹਿਰ ਦੀਆਂ ਸੜਕਾਂ ’ਤੇ 30 ਸਾਲ ਪੁਰਾਣੀਆਂ ਗੱਡੀਆਂ ਵੀ ਚੱਲ ਰਹੀਆਂ ਹਨ।
ਅਧੂਰੇ ਪਾਰਕਿੰਗ ਪ੍ਰਾਜੈਕਟਾਂ ਦੇ ਵੇਰਵੇ
ਮਾਡਲ ਟਾਊਨ ਇਲਾਕੇ ਵਿੱਚ ਮੇਅਰ ਹਾਊਸ ਤੇ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ ਨੂੰ ਢਾਅ ਕੇ ਬਹੁ-ਮੰਜ਼ਿਲੀ ਪਾਰਕਿੰਗ ਬਣਾਉਣ ਦਾ ਪ੍ਰੋਜੈਕਟ ਉਲੀਕਿਆ ਗਿਆ ਸੀ ਜਿਸ ਦੀ ਲਾਗਤ 7 ਕਰੋੜ ਦੱਸੀ ਗਈ ਸੀ। ਇਸ ਪ੍ਰੋਜੈਕਟ ਦਾ ਡੇਢ ਸਾਲ ਤੋਂ ਡੀਪੀਆਰ ਤਿਆਰ ਹੈ। ਇਸੇ ਤਰ੍ਹਾਂ ਭਗਵਾਨ ਬਾਲਮੀਕ ਚੌਂਕ ਨੇੜੇ ਕੇਂਦਰ ਸਰਕਾਰ ਵੱਲੋਂ ਸੁਦਾਮਾ ਮਾਰਕੀਟ ਵਾਲੀ ਜ਼ਮੀਨ ਵਿੱਚ ਪਾਰਕਿੰਗ ਬਣਾਈ ਜਾਣੀ ਹੈ ਪਰ ਅਜੇ ਤੱਕ ਕੰਮ ਮੁਕੰਮਲ ਨਹੀਂ ਹੋਇਆ। ਇਸੇ ਤਰ੍ਹਾਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਪੰਜ ਬਹੁ-ਮੰਜ਼ਲੀ ਪਾਰਕਿੰਗ ਪ੍ਰੋਜੈਕਟ ਸ਼ੁਰੂ ਹੋਣੇ ਹਨ ਪਰ ਇਹ ਸਾਰਾ ਕੁਝ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਜਲਦ ਪੂਰਾ ਕੀਤਾ ਜਾਵੇ।
ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸਮੱਸਿਆ ਹੋਵੇਗੀ ਹੱਲ: ਮੇਅਰ
ਜਲੰਧਰ ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਨੇ ਦੱਸਿਆ ਕਿ ਇਥੇ ਤਿੰਨ ਅੰਡਰਗਰਾਊਂਡ ਪਾਰਕਿੰਗਾਂ ਵਿੱਚ ਸਿਰਫ ਇਕ ਹਜ਼ਾਰ ਗੱਡੀਆਂ ਹੀ ਖੜ੍ਹਦੀਆਂ ਹਨ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਹੁ-ਮੰਜ਼ਿਲੀ ਪਾਰਕਿੰਗਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜਲਦ ਹੀ ਟਰੈਫਿਕ ਅਤੇ ਪਾਰਕਿੰਗ ਦੀ ਸਮੱਸਿਆ ਹੱਲ ਕੀਤੀ ਜਾਵੇਗੀ ਤੇ ਸ਼ਹਿਰ ਵਾਸੀਆਂ ਨੂੰ ਰਾਹਤ ਦਿਵਾਈ ਜਾਵੇਗੀ।