ਰਵੇਲ ਸਿੰਘ ਭਿੰਡਰ
ਪਟਿਆਲਾ, 2 ਜੂਨ
ਸੂਬੇ ਵਿੱਚ ਇਨ੍ਹੀਂ ਦਿਨੀਂ ਚਰਚਿਤ ਸਿਆਸੀ ਚਿਹਰੇ ਨਵਜੋਤ ਸਿੰਘ ਸਿੱਧੂ ਦੇ ਸ਼ਿਕਵਿਆਂ ਦੀ ਵਜ੍ਹਾ ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਹੀ ਬਣਦਾ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਨਵਜੋਤ ਸਿੱਧੂ ਨੇ ਭਾਜਪਾ ਨਾਲੋਂ ਸਿਆਸੀ ਨਾਤਾ ਤੋੜਿਆ ਸੀ ਤਾਂ ਉਦੋਂ ਵੀ ਸਿੱਧੂ ਦਾ ਭਾਜਪਾ ਨਾਲ ਨਹੀਂ ਬਲਕਿ ਅਕਾਲੀ ਆਗੂਆਂ ਨਾਲ ਪੇਚਾ ਪਿਆ ਸੀ। ਹੁਣ ਮੌਜੂਦਾ ਦੌਰ ਵਿੱਚ ਜਦੋਂ ਸਿੱਧੂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਆਸੀ ਪੇਚਾ ਪਿਆ ਹੈ ਤਾਂ ਇਸ ਦੀ ਵਜ੍ਹਾ ਵੀ ਬਾਦਲ ਪਰਿਵਾਰ ਦੱਸਿਆ ਜਾ ਰਿਹਾ ਹੈ।
ਸਿਆਸੀ ਚਿੰਤਕਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਹੋਰ ਕਈ ਸਿਆਸੀ ਤੇ ਪ੍ਰਸ਼ਾਸਕੀ ਮਾਮਲਿਆਂ ਦੇ ਨਾਲ-ਨਾਲ ਇਸ ਗੱਲੋਂ ਵੀ ਖਫ਼ਾ ਹੈ ਕਿ ਬਹਬਿਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਵਿੱਚ ਕਥਿਤ ਤੌਰ ’ਤੇ ਘਿਰੇ ਬਾਦਲ ਪਰਿਵਾਰ ਨੂੰ ਅੰਦਰਖਾਤੇ ਕਥਿਤ ਮਿਲੀਭੁਗਤ ਨਾਲ ਬਚਾਇਆ ਜਾ ਰਿਹਾ ਹੈ। ਭਾਵੇਂ ਹੁਣ ਇਹ ਮਾਮਲਾ ਅਦਾਲਤੀ ਪ੍ਰਕਿਰਿਆ ਦਾ ਹਿੱਸਾ ਹੈ, ਫਿਰ ਵੀ ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਦਾ ਮੁੱਖ ਮੰਤਰੀ ਕੈਪਟਨ ਪ੍ਰਤੀ ਗੁੱਸਾ ਸੱਤਵੇਂ ਅਸਮਾਨ ’ਤੇ ਹੈ। ਵੱਡੀ ਗੱਲ ਹਾਈਕਮਾਂਡ ਤੱਕ ਪਹੁੰਚ ਕਾਰਨ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਨ੍ਹੀਂ ਦਿਨੀਂ ਵੱਡੇ ਇਮਤਿਹਾਨ ਵਿੱਚ ਬਿਠਾਇਆ ਹੋਇਆ ਹੈ। ਉਂਜ ਹਾਲੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਸਿੱਧੂ ਦੀ ਰੰਜਿਸ਼ ਪਿੱਛੇ ਬਾਦਲਾਂ ਦੀ ਵਜ੍ਹਾ ਦਾ ਉਭਰ ਰਿਹਾ ਮਾਮਲਾ ਹਾਈਕਮਾਂਡ ਦੀ ਗਠਿਤ ਮੰਥਨ ਕਮੇਟੀ ਅੱਗੇ ਕਿਸ ਲਹਿਜ਼ੇ ’ਚ ਫਰੋਲਿਆ ਜਾ ਰਿਹਾ ਹੈ। ਇਸ ਸਬੰਧੀ ਗੱਲ ਕਰਨ ਲਈ ਕਈ ਕਾਂਗਰਸੀਆਂ ਨਾਲ ਸੰਪਰਕ ਕੀਤਾ ਗਿਆ ਪਰ ਕਿਸੇ ਨੇ ਫੋਨ ਨਹੀਂ ਉਠਾਇਆ।