ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਅਪਰੈਲ
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਹਰਪਾਲ ਚੀਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਪੰਜਾਬ ਦੀਆਂ ਅਦਾਲਤਾਂ ਵਿੱਚ ਸਹੀ ਪੱਖ ਪੇਸ਼ ਨਾ ਕਰ ਕੇ ਆਵਾਮ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ ਤੇ ਵਾਰ-ਵਾਰ ਅਦਾਲਤਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਮਾਮਲੇ ਦੀ ਪੜਤਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕੀਤੇ ਜਾਣ ਦਾ ਮਾਮਲਾ ਵੀ ਇਨ੍ਹਾਂ ਦੋਹਾਂ ਪਰਿਵਾਰਾਂ ਵੱਲੋਂ ਖੇਡੀ ਗਈ ਇਕ ਨਾਪਾਕ ਖੇਡ ਹੈ ਜਿਸ ਨੂੰ ਸਮਝਣਾ ਜ਼ਰੂਰੀ ਹੈ। ‘ਆਪ’ ਆਗੂ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਵਰਗੇ ਇਮਾਨਦਾਰ ਅਧਿਕਾਰੀ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕੰਮ ਲਿਆ ਤੇ ਬਾਅਦ ਵਿਚ ਉਸ ਨੂੰ ਅਜਿਹੀ ਸਥਿਤੀ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਜਿੱਥੇ ਉਸ ਲਈ ਅਸਤੀਫ਼ੇ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਰਹਿ ਗਿਆ ਸੀ।
ਐਡਵੋਕੇਟ ਚੀਮਾ ਨੇ ਇੱਥੇ ਕਿਹਾ ਕਿ 2002 ਵਿੱਚ ਬਣੀ ਕੈਪਟਨ ਅਮਰਿੰਦਰ ਦੀ ਸਰਕਾਰ ਬਾਦਲਾਂ ਉੱਤੇ ਕੇਸ ਦਰਜ ਕਰ ਕੇ ਬਹੁਤ ਚਰਚਾ ਵਿਚ ਰਹੀ ਪਰ ਉਸ ਦਾ ਚਲਾਨ ਤਤਕਾਲੀ ਸਰਕਾਰ ਦੇ ਆਖ਼ਰੀ ਸਾਲ ਤੱਕ ਵੀ ਪੇਸ਼ ਨਹੀਂ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਉਸ ਕੇਸ ਦੇ ਸਾਰੇ ਗਵਾਹ ਮੁਕਰ ਗਏ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਕੈਪਟਨ ਅਮਰਿੰਦਰ ਉੱਤੇ ਸਿਟੀ ਸੈਂਟਰ ਦਾ ਕੇਸ ਦਰਜ ਕੀਤਾ ਗਿਆ ਤੇ ਉਹ ਵੀ ਖ਼ਤਮ ਕਰ ਦਿੱਤਾ ਗਿਆ। ਇਹ ਦੋਵੇਂ ਪਰਿਵਾਰ ਮਾਣਯੋਗ ਨਿਆਂ ਪਾਲਿਕਾ ਨਾਲ ਖੇਡ ਰਹੇ ਹਨ। ਸ੍ਰੀ ਚੀਮਾ ਨੇ ਕਿਹਾ ਕਿ ਜਿਸ ਦਿਨ ਬਰਗਾੜੀ ਕਾਂਡ ਬਾਰੇ ਹਾਈ ਕੋਰਟ ਵਿੱਚ ਪੇਸ਼ੀ ਸੀ ਉਸ ਵੇਲੇ ਐਡਵੋਕੇਟ ਜਨਰਲ ਛੁੱਟੀ ’ਤੇ ਚਲੇ ਗਏ। ਸਰਕਾਰ ਵੱਲੋਂ ਸਹੀ ਪੱਖ ਪੇਸ਼ ਨਾ ਕੀਤੇ ਜਾਣ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਪੱਖ ਵਿਚ ਨਾ ਖੜ੍ਹਨ ਕਰ ਕੇ ਹਾਈ ਕੋਰਟ ਨੇ ਇਹ ਰਿਪੋਰਟ ਰੱਦ ਕਰ ਦਿੱਤੀ। ਇਸ ਵਿਚ ਅਦਾਲਤ ਦਾ ਕੋਈ ਕਸੂਰ ਨਹੀਂ ਹੈ ਬਲਕਿ ਸਾਰਾ ਕਸੂਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਹੈ ਜਿਸ ਨੇ ਸਹੀ ਪੱਖ ਪੇਸ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਵਰਗੇ ਅਧਿਕਾਰੀ ਡਿਊਟੀ ’ਤੇ ਰਹਿਣੇ ਚਾਹੀਦੇ ਹਨ, ਪਰ ਬਾਦਲਾਂ ਤੇ ਅਮਰਿੰਦਰ ਵਰਗੇ ਸਿਆਸਤਦਾਨਾਂ ਨੇ ਪੰਜਾਬ ਵਿਚ ਇਮਾਨਦਾਰ ਬੰਦਿਆਂ ਨੂੰ ਖੁੱਡੇ ਲਾਈਨ ਲਾਇਆ ਹੈ ਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਇਸ ਦੀ ਤਾਜ਼ਾ ਮਿਸਾਲ ਹੈ।