ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਮਈ
ਹਵਾਰਾ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਨੂੰ ਸਿਆਸੀ ਲਾਹਾ ਲੈਣ ਲਈ ਵਰਤਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਦਲ ਪਰਿਵਾਰ ਦੀ ਸਿੱਖ ਸੰਸਥਾਵਾਂ ਨੂੰ ਢਾਲ ਬਣਾ ਕੇ ਵਰਤਣ ਦੀ ਇਸ ਯੋਜਨਾ ਤੋਂ ਸੁਚੇਤ ਰਹਿਣ। ਇੱਥੇ ਦੱਸਣਯੋਗ ਹੈ ਕਿ ਹਾਲ ਹੀ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਗਿਆ ਸੀ ਕਿ ਉਹ ਬੰਦੀ ਸਿੱਖਾਂ ਦੀ ਰਿਹਾਈ ਲਈ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਂਝੇ ਤੌਰ ’ਤੇ ਚਾਰਾਜੋਈ ਆਰੰਭ ਕਰਨ। ਇਸ ਆਦੇਸ਼ ਮਗਰੋਂ ਸ਼੍ਰੋਮਣੀ ਕਮੇਟੀ ਨੇ 11 ਮਈ ਨੂੰ ਸਮੁੱਚੀਆਂ ਪੰਥਕ ਧਿਰਾਂ ਦੀ ਇਕ ਮੀਟਿੰਗ ਇਸ ਮਾਮਲੇ ਨੂੰ ਵਿਚਾਰਨ ਲਈ ਸੱਦੀ ਗਈ ਹੈ, ਜਿਸ ਵਿਚ ਬੰਦੀ ਸਿੱਖਾਂ ਦੀ ਰਿਹਾਈ ਲਈ ਸਾਂਝਾ ਸੰਘਰਸ਼ ਵਿੱਢਣ ਵਾਸਤੇ ਇਸ ਦੀ ਰੂਪ-ਰੇਖਾ ਤਿਆਰ ਕੀਤੀ ਜਾ ਸਕਦੀ ਹੈ।
ਅੱਜ ਇਸ ਮਾਮਲੇ ਸਬੰਧੀ ਹਵਾਰਾ ਕਮੇਟੀ ਦੇ ਆਗੂ ਪ੍ਰੋ. ਬਲਜਿੰਦਰ ਸਿੰਘ ਤੇ ਹੋਰਨਾਂ ਨੇ ਇਕ ਪੱਤਰਕਾਰ ਸੰਮੇਲਨ ਵਿੱਚ ਆਖਿਆ ਕਿ ਬਾਦਲ ਪਰਿਵਾਰ ਮੌਜੂਦਾ ਸਿਆਸਤ ਅਤੇ ਪੰਥਕ ਸਿਆਸਤ ਵਿੱਚੋਂ ਮਨਫੀ ਹੋਣ ਮਗਰੋਂ ਸ੍ਰੀ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਤੋਂ ਕਰਦਿਆਂ ਮੁੜ ਪਹਿਲੀ ਕਤਾਰ ਵਿੱਚ ਸ਼ਾਮਲ ਹੋਣ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਬੰਦੀ ਸਿੱਖਾਂ ਅਤੇ ਹੋਰ ਸਿੱਖ ਮਾਮਲਿਆਂ ਵਿੱਚ ਆਪਣੀ ਸਥਿਤੀ ਸਪੱਸ਼ਟ ਕਰੇ। ਇਸ ਮੌਕੇ ਬਲਬੀਰ ਸਿੰਘ ਹਿਸਾਰ, ਭੁਪਿੰਦਰ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਬਲਦੇਵ ਸਿੰਘ ਨਵਾਂ ਪਿੰਡ, ਰਘਬੀਰ ਸਿੰਘ, ਨਰਿੰਦਰ ਸਿੰਘ ਗਿੱਲ, ਕੰਵਲਜੀਤ ਸਿੰਘ ਸੁਲਤਾਨਵਿੰਡ ਤੇ ਦਲਜੀਤ ਸਿੰਘ ਵੇਰਕਾ ਹਾਜ਼ਰ ਸਨ।