ਬਹਾਦਰਜੀਤ ਸਿੰਘ
ਰੂਪਨਗਰ, 28 ਜੂਨ
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ ਦੇ ਨਵ-ਨਿਯੁਕਤ ਸਰਕਲ ਪ੍ਰਧਾਨਾਂ ਨਾਲ ਪਲੇਠੀ ਮੀਟਿੰਗ ਕਰਕੇ ਉਨ੍ਹਾਂ ਨੂੰ ਬੂਥ ਪੱਧਰ ਉੱਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਗਈ। ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ, ਹਲਕਾ ਇੰਚਾਰਜ ਹਰਮੋਹਨ ਸਿੰਘ ਸੰਧੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ, ਪਰਮਜੀਤ ਸਿੰਘ ਲੱਖੇਵਾਲ, ਅਜਮੇਰ ਸਿੰਘ ਖੇੜਾ ਅਤੇ ਸਾਬਕਾ ਪ੍ਰਧਾਨ ਸਰਕਲ ਨੂਰਪੁਰ ਬੇਦੀ ਦਿਲਬਾਗ ਸਿੰਘ ਮਾਣਕੂਮਾਜਰਾ ਤੋਂ ਇਲਾਵਾ ਸਰਕਲ ਪ੍ਰਧਾਨਾਂ ਵਿੱਚ ਸ੍ਰੀ ਚਮਕੌਰ ਸਾਹਿਬ ਤੋਂ ਅਮਨਦੀਪ ਸਿੰਘ ਮਾਂਗਟ, ਬਹਿਰਾਮਪੁਰ ਬੇਟ ਤੋਂ ਕਰਨੈਲ ਸਿੰਘ ਸੈਦਪੁਰ, ਬੇਲਾ ਤੋਂ ਪਰਮਜੀਤ ਸਿੰਘ ਸੁਰਤਾਪੁਰ, ਮੋਰਿੰਡਾ ਤੋਂ ਅੰਮ੍ਰਿਤਪਾਲ ਸਿੰਘ ਖੱਟੜਾ, ਲੁਠੇੜੀ ਤੋਂ ਊਧਮ ਸਿੰਘ ਰਾਣਾ, ਕਾਈਨੌਰ ਤੋਂ ਗੁਰਪ੍ਰੀਤ ਸਿੰਘ ਬਾਠ, ਸਿੰਘ ਭਗਵੰਤਪੁਰਾ ਤੋਂ ਦਰਸ਼ਨ ਸਿੰਘ ਦੁਲਚੀ ਮਾਜਰਾ, ਅਤੇ ਘੜੂੰਆਂ ਤੋਂ ਸਰਬਜੀਤ ਸਿੰਘ ਧਨੋਆ ਸ਼ਾਮਲ ਸਨ। ਇਸੇ ਤਰ੍ਹਾਂ ਰੂਪਨਗਰ ਸ਼ਹਿਰੀ ਤੋਂ ਪਰਮਜੀਤ ਸਿੰਘ ਮੱਕੜ, ਪੁਰਖਾਲੀ ਤੋਂ ਜਸਵੀਰ ਸਿੰਘ, ਘਨੌਲੀ ਤੋਂ ਰਵਿੰਦਰ ਸਿੰਘ, ਅਬਿਆਣਾ ਤੋਂ ਲੇਖ ਰਾਜ, ਨੂਰਪੁਰ ਬੇਦੀ ਤੋਂ ਕੁਲਜਿੰਦਰ ਸਿੰਘ ਅਤੇ ਡੂਮੇਵਾਲ ਤੋਂ ਸਤਨਾਮ ਸਿੰਘ ਸ਼ਾਮਲ ਹਨ।
ਸਕਰਲ ਪ੍ਰਧਾਨ ਲਈ ਅੱਧੀ ਦਰਜਨ ਆਗੂ ਦੌੜ ’ਚ
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਦਾਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਅਧੀਨ ਆਉਂਦੇ 8 ਸਰਕਲਾਂ ਦੀ ਪ੍ਰਧਾਨਗੀ ਹਾਸਲ ਕਰਨ ਲਈ ਦਾਅਵੇਦਾਰਾਂ ਨੇ ਆਪੋ-ਆਪਣੇ ਸਿਆਸੀ ਆਕਾਵਾਂ ਨਾਲ ਤਾਲਮੇਲ ਬਿਠਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਜ਼ਿਲ੍ਹਾ ਜਥੇਦਾਰੀ ਦੇ ਲਈ ਜਿੱਥੇ ਅੱਧੀ ਦਰਜਨ ਨਾਮ ਸਾਹਮਣੇ ਆ ਰਹੇ ਹਨ ਉੱਥੇ ਹੀ 8 ਸਰਕਲਾਂ ਲਈ ਦੋ-ਦੋ ਨਾਵਾਂ ਦੇ ਪੈਨਲ ਵਿਚਾਰ ਅਧੀਨ ਦੱਸੇ ਜਾ ਰਹੇ ਹਨ, ਜਦਕਿ ਆਉਂਦੇ ਹਫ਼ਤੇ ਵਿੱਚ ਅੰਤਿਮ ਫੈਸਲਾ ਹੋਣ ਦੀ ਸੰਭਾਵਨਾ ਹੈ। ਬੀਤੇ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਸਰਕਲ ਪ੍ਰਧਾਨਾਂ ਨਾਲ ਬੈਠਕ ਕੀਤੀ ਗਈ ਪਰ ਸ੍ਰੀ ਆਨੰੰਦਪੁਰ ਸਾਹਿਬ ਦੇ 8 ਸਰਕਲ ਪ੍ਰਧਾਨਾਂ ਦੀ ਨਿਯੁਕਤੀ ਨਾ ਹੋਣ ਕਰਕੇ ਸਥਾਨਕ ਲੀਡਰਸ਼ਿਪ ਪੂਰੀ ਤਰ੍ਹਾਂ ਅਣਗੌਲੀ ਰਹੀ।