ਪਾਲ ਸਿੰਘ ਨੌਲੀ
ਜਲੰਧਰ, 6 ਫਰਵਰੀ
ਜਲੰਧਰ ਛਾਉਣੀ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ਵੱਖ-ਵੱਖ ਪਿੰਡਾਂ ਵਿੱਚ ਹੋਈਆਂ ਚੋਣ ਮੀਟਿੰਗਾਂ ਵਿੱਚ ਪਰਗਟ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਾਈ ਯਾਰੀ ਨੂੰ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤ ਦੱਸਦਿਆਂ ਕਿਹਾ ਕਿ ਚੋਣ ਤੋਂ ਬਾਅਦ ਦੋਵੇਂ ਮੁੜ ਇੱਕਠੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅਸਲ ਵਿੱਚ ਬਾਦਲ ਪਹਿਲਾਂ ਵੀ ਅੰਦਰ ਖਾਤੇ ਭਾਜਪਾ ਨਾਲ ਘਿਓ-ਖਿਚੜੀ ਸਨ।
ਪਰਗਟ ਸਿੰਘ ਨੇ ਲੋਕਾਂ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਕਿਸਾਨਾਂ ਨੇ ਜਦੋਂ ਦਿੱਲੀ ਦੇ ਬਾਰਡਰਾਂ ’ਤੇ ਕੇਂਦਰ ਸਰਕਾਰ ਘੇਰੀ ਹੋਈ ਸੀ ਤਾਂ ਮੋਦੀ ਸਰਕਾਰ ਦਾ ਬਚਾਅ ਕਰਨ ਲਈ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਹੁੰਦਿਆਂ ਹੋਇਆਂ ਕਾਲੇ ਕਾਨੂੰਨਾਂ ਨੂੰ ਸਹੀ ਦੱਸਣ ਲਈ ਪੂਰੀ ਵਾਹ ਲਾਈ ਸੀ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣਨ ਵਾਲੇ ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੇ ਵੀ ਖੇਤੀ ਕਾਨੂੰਨਾਂ ਨੂੰ ਸਹੀ ਦੱਸਣ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਾਂ ਖੇਤੀ ਮੰਤਰੀ ਨਰੇਂਦਰ ਤੋਮਰ ਦੀ ਚਿੱਠੀ ਦਿਖਾ ਕੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਸੀ। ਪਰਗਟ ਸਿੰਘ ਨੇ ਕਿਹਾ ਕਿ ਭਾਵੇ ਮਜਬੂਰੀਵਸ ਤੇ ਆਪਣੀ ਖਿਸਕ ਰਹੀ ਸਿਆਸੀ ਜ਼ਮੀਨ ਨੂੰ ਬਚਾਉਣ ਲਈ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਡਰਾਮਾ ਜ਼ਰੂਰ ਕੀਤਾ ਸੀ ਪਰ ਅੰਦਰੋਂ ਇਹ ਇਕੱਠੇ ਹੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬਾਦਲ ਤਾਂ ਦਿੱਲੀਓਂ ਆਉਂਦੇ ਗੁਪਤ ਸੁਨੇਹਿਆਂ ਮੁਤਾਬਕ ਹੀ ਸਿਆਸੀ ਚਾਲਾਂ ਚੱਲ ਰਹੇ ਹਨ।
ਪਰਗਟ ਸਿੰਘ ਨੇ ਜਲੰਧਰ ਛਾਉਣੀ ਤੋਂ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਬਰਾੜ ’ਤੇ ਨਿਸ਼ਾਨਾ ਸੇਧਦਿਆਂ ਉਸ ਨੂੰ ਪਰਵਾਸੀ ਪੰਛੀ ਦੱਸਿਆ। ਉਨ੍ਹਾਂ ਕਿਹਾ ਕਿ 2007 ਵਿੱਚ ਅਕਾਲੀ ਦਲ ਵੱਲੋਂ ਚੋਣ ਲੜਨ ਵਾਲੇ ਜਗਬੀਰ ਬਰਾੜ ਉਡਾਰੀ ਮਾਰ ਕੇ ਪੀਪੀਪੀ ਵਿੱਚ ਚਲਾ ਗਿਆ ਸੀ। ਉਥੇ ਵੀ ਜਦੋਂ ਦਿਲ ਨਹੀਂ ਲੱਗਾ ਤਾਂ ਛੇਤੀ ਹੀ ਕਾਂਗਰਸ ਵਿੱਚ ਆ ਗਿਆ ਸੀ। ਉਨ੍ਹਾਂ ਕਿਹਾ ਕਿ ਜਗਬੀਰ ਨੂੰ ਤਾਂ ਕਾਂਗਰਸ ਪਾਰਟੀ ਨੇ ਦੋ ਵਾਰ ਵਿਧਾਨ ਸਭਾ ਦੀ ਟਿਕਟ ਦਿੱਤੀ ਪਰ ਉਹ ਦੋਵੇਂ ਵਾਰ ਬੁਰੀ ਤਰ੍ਹਾਂ ਹਾਰ ਗਿਆ ਸੀ। ਪਾਰਟੀ ਨੇ ਉਸ ਨੂੰ ਜ਼ਿਲ੍ਹਾ ਕਾਂਗਰਸ ਦਿਹਾਤੀ ਦਾ ਪ੍ਰਧਾਨ ਬਣਾਇਆ ਅਤੇ ਟਿਊਬਵੈੱਲ ਕਾਰਪੋਰੇਸ਼ਨ ਦਾ ਚੇਅਰਮੈਨ ਵੀ ਬਣਾਇਆ ਸੀ। ਇੰਨਾਂ ਮਾਣ-ਇੱਜ਼ਤ ਵੀ ਬਰਾੜ ਨੂੰ ਜਦੋਂ ਹਾਜ਼ਮ ਨਹੀਂ ਹੋਇਆ ਤਾਂ ਆਪਣੀ ਆਦਤ ਅਨੁਸਾਰ ਉਹ ਮੁੜ ਉਡਾਰੀ ਮਾਰ ਕੇ ਪਰਵਾਸੀ ਪੰਛੀਆਂ ਵਾਂਗ ਆਪਣੇ ‘ਦੇਸ਼’ ਪਰਤ ਗਿਆ।
ਪਰਗਟ ਸਿੰਘ ਨੇ ਕਿਹਾ ਕਿ ਬਰਾੜ ਕੋਲ ਅਜੇ ਵੀ ਆਪਣਾ ਸਿਆਸੀ ਕੈਰੀਅਰ ਬਚਾਉਣ ਲਈ ਦੋ ਹੋਰ ਰਾਜਨੀਤਿਕ ਪਾਰਟੀਆਂ ਭਾਜਪਾ ਤੇ ‘ਆਪ’ ਬਚੀਆਂ ਹਨ। ਪਰਗਟ ਸਿੰਘ ਨੇ ਕਿਹਾ ਕਿ ਲੋਕਾਂ ਨੇ ਜਦੋਂ ਉਸ ਇੱਕ ਵਾਰ ਫਿਰ ਜਲੰਧਰ ਛਾਉਣੀ ਤੋਂ ਹਰਾ ਦਿੱਤਾ ਤਾਂ ਉਹ ਭਾਜਪਾ ਦੇ ‘ਕਮਲ’ ’ਤੇ ਜਾ ਬੈਠਣਗੇ ਜਿੱਥੇ ਸਰਬਜੀਤ ਮੱਕੜ ਗਿਆ ਹੈ।