ਇਕਬਾਲ ਸਿੰਘ ਸ਼ਾਂਤ
ਲੰਬੀ, 23 ਅਕਤੂਬਰ
ਪੰਜਾਬ ਵਿੱਚ ਬਾਹਰੀ ਝੋਨੇ ਦੀ ਆਮਦ ’ਤੇ ਸਖ਼ਤ ਸਰਕਾਰੀ ਰੋਕ ਨੇ ਸਰਕਾਰੀ ਵਿਭਾਗਾਂ ਵਿੱਚ ਆਪਸੀ ਖਿੱਚੋਤਾਣ ਦੇ ਹਾਲਾਤ ਪੈਦਾ ਕਰ ਦਿੱਤੇ ਹਨ। ਸਰਕਾਰੀ ਨਿਰਦੇਸ਼ਾਂ ਕਾਰਨ ਪੰਜਾਬ ਪੁਲੀਸ ਵੱਲੋਂ ਕਿੱਲਿਆਂਵਾਲੀ ਅੰਤਰਰਾਜੀ ਨਾਕੇ ’ਤੇ ਝੋਨੇ ਦੇ ਭਰੇ ਖੜ੍ਹੇ ਡੇਢ ਦਰਜਨ ਟਰੱਕ ਪੰਜਾਬ ’ਚ ਅਗਾਂਹ ਨਹੀਂ ਜਾਣ ਦਿੱਤੇ ਜਾ ਰਹੇ। ਟਰੱਕਾਂ ਵਿੱਚ ਲੱਦੇ ਝੋਨੇ ਦੀ ਅਸਲ ਕਿਸਮ ਬਾਰੇ ਪੰਜਾਬ ਪੁਲੀਸ ਅਤੇ ਪੰਜਾਬ ਮੰਡੀ ਬੋਰਡ ਵਿਚਾਲੇ ਪੇਚ ਫਸਿਆ ਹੋਇਆ ਹੈ। ਬਾਕੀ ਵੱਡੀ ਗਿਣਤੀ ਟਰੱਕ ਹੱਦ ਤੋਂ ਪਿਛਾਂਹ ਵੀ ਖੜ੍ਹੇ ਹਨ। ਪੰਜਾਬ ਪੁਲੀਸ ਨੂੰ ਖ਼ਦਸ਼ਾ ਹੈ ਕਿ ਇਨ੍ਹਾਂ ਟਰੱਕਾਂ ’ਚ ਉੱਪਰ-ਉੱਪਰ ਬਾਸਮਤੀ ਝੋਨਾ ਲੱਦ ਕੇ ਵਿਚਾਲੇ ਪਰਮਲ ਝੋਨਾ ਭਰਿਆ ਹੋਣ ਦੀ ਸੂਚਨਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ’ਚ ਬਾਹਰੀ ਪਰਮਲ ਝੋਨੇ ਦੀ ਆਮਦ ’ਤੇ ਪੂਰਨ ਪਾਬੰਦੀ ਹੈ, ਜਦਕਿ ਟਰੱਕ ਡਰਾਈਵਰਾਂ ਕੋਲ ਦਸਤਾਵੇਜ਼ਾਂ ਮੁਤਾਬਕ ਇਹ ਟਰੱਕ ਨਰੇਲਾ (ਦਿੱਲੀ), ਉਕਲਾਣਾ (ਹਰਿਆਣਾ), ਡਬਰਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹੋਰ ਥਾਵਾਂ ਤੋਂ ਝੋਨਾ ਲਿਆ ਕੇ ਜਲਾਲਾਬਾਦ ਖੇਤਰ ਦੇ ਸ਼ੈਲਰਾਂ ਵਿੱਚ ਲੱਥਦੇ ਹਨ। ਟਰੱਕਾਂ ਵਾਲਿਆਂ ਦੀ ਅਪੀਲ ’ਤੇ ਬਾਹਰੀ ਝੋਨੇ ਬਾਰੇ ਪੰਜਾਬ ਮੰਡੀ ਬੋਰਡ ਅਤੇ ਪਨਗ੍ਰੇਨ ਅਮਲੇ ’ਤੇ ਆਧਾਰਤ ਟੀਮ ਨੇ ਟਰੱਕਾਂ ’ਚੋਂ ਝੋਨੇ ਦੇ ਸੈਂਪਲ ਲਏ । ਪੰਜਾਬ ਮੰਡੀ ਬੋਰਡ ਬੈਰੀਅਰ ਦੇ ਇੰਚਾਰਜ-ਕਮ-ਬੋਲੀ ਕਲਰਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਨੇ ਟਰੱਕ ’ਤੇ ਚੜ੍ਹ ਕੇ ਤਿੰਨ-ਚਾਰ ਜਗ੍ਹਾ ਤੋਂ ਸੈਂਪਲ ਲਏ ਹਨ ਅਤੇ ਪਨਗ੍ਰੇਨ ਦੀ ਇੰਸਪੈਕਟਰ ਮਨਦੀਪ ਕੌਰ ਨੇ ਸੈਂਪਲਾਂ ਦੇ ਆਧਾਰ ’ਤੇ 17 ਟਰੱਕਾਂ ’ਚ ਬਾਸਮਤੀ ਪੂਸਾ 1509 ਤੇ ਇੱਕ ਟਰੱਕ ’ਚ ਬਾਸਮਤੀ ਪੂਸਾ 1718 ਝੋਨਾ ਲੱਦੇ ਹੋਣ ਦੀ ਪੁਸ਼ਟੀ ਕੀਤੀ ਹੈ, ਜਿਸ ਮੁਤਾਬਕ ਟਰੱਕ ਪੰਜਾਬ ’ਚ ਦਾਖ਼ਲ ਹੋ ਸਕਦੇ ਹਨ।
ਦੂਜੇ ਪਾਸੇ ਮਲੋਟ ਦੇ ਡੀਐੱਸਪੀ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਲਈ ਸੌ ਫ਼ੀਸਦੀ ਫਿਜ਼ੀਕਲ ਵੈਰੀਫਿਕੇਸ਼ਨ ਉਪਰੰਤ ਹੀ ਬਾਹਰੀ ਝੋਨੇ ਦੇ ਲੱਦੇ ਟਰੱਕਾਂ ਨੂੰ ਪੰਜਾਬ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ। ਬੀਤੇ 20 ਘੰਟਿਆਂ ਤੋਂ ਨਾਕੇ ’ਤੇ ਦਾਖ਼ਲੇ ਦੀ ਪ੍ਰਵਾਨਗੀ ਦੀ ਉਡੀਕ ਕਰ ਰਹੇ ਟਰੱਕ ਡਰਾਈਵਰ ਦਿਲਬਾਗ ਸਿੰਘ, ਰਣਜੀਤ ਸਿੰਘ, ਸੁਰਿੰਦਰ ਸਿੰਘ ਅਤੇ ਆਬਿਤ ਸਣੇ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਲੋੜੀਂਦੇ ਦਸਤਾਵੇਜ਼ ਹਨ ਅਤੇ ਪੰਜਾਬ ਮੰਡੀ ਬੋਰਡ ਤੋਂ ਉਕਤ ਝੋਨੇ ਦੀ ਆਮਦ ਸਬੰਧੀ ਬਾਕਾਇਦਾ ਟੋਕਨ ਜਾਰੀ ਕਰਵਾਏ ਹੋਏ ਹਨ। ਦੀਵਾਲੀ ਦੇ ਤਿਉਹਾਰ ਮੌਕੇ ਉਨ੍ਹਾਂ ਨੂੰ ਇਸ ਤਰ੍ਹਾਂ ਰੋਕ ਕੇ ਉਨ੍ਹਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।