ਗਗਨਦੀਪ ਅਰੋੜਾ
ਲੁਧਿਆਣਾ, 18 ਜੁਲਾਈ
ਜਬਰ-ਜਨਾਹ ਮਾਮਲੇ ਵਿੱਚ ਆਤਮਸਮਰਪਣ ਕਰਨ ਵਾਲੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਪੁਲੀਸ ਕਮਿਸ਼ਨਰੇਟ ਨੇ ਸਖ਼ਤ ਸੁਰੱਖਿਆ ਹੇਠ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਇੱਕ ਵਾਰ ਫਿਰ ਪੁਲੀਸ ਵੱਲੋਂ ਬੈਂਸ ਦਾ ਪੁਲੀਸ ਰਿਮਾਂਡ ਮੰਗਿਆ ਗਿਆ। ਬਚਾਅ ਪੱਖ ਵੱਲੋਂ ਇਸ ਦਾ ਵਿਰੋਧ ਕਰਨ ’ਤੇ ਅਦਾਲਤ ਨੇ ਸਿਮਰਜੀਤ ਬੈਂਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਹਾਲਾਂਕਿ, ਇਸ ਮਾਮਲੇ ’ਚ ਪੁਲੀਸ ਨੇ ਸਿਮਰਜੀਤ ਸਿੰਘ ਬੈਂਸ ਦੀ ਆਵਾਜ਼ ਦੇ ਸੈਂਪਲ ਦੀ ਗੱਲ ਕੀਤੀ ਸੀ, ਪਰ ਸੂਤਰ ਦੱਸਦੇ ਹਨ ਕਿ ਬੈਂਸ ਨੇ ਸੈਂਪਲ ਦੇਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਵੇਰਕਾ ਮਿਲਕ ਪਲਾਂਟ ਵਾਲੇ ਕੇਸ ਵਿੱਚ ਅਦਾਲਤ ਨੇ ਬੈਂਸ ਨੂੰ ਇੱਕ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਸਾਬਕਾ ਵਿਧਾਇਕ ਨੂੰ ਅੱਜ ਅਦਾਲਤ ਵਿੱਚ ਲਿਆਉਣ ਤੋਂ ਪਹਿਲਾਂ ਹੀ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ, ਪਰ ਫਿਰ ਵੀ ਬੈਂਸ ਦੇ ਸਮਰਥਕ ਉਥੇੱ ਪੁੱਜਣੇ ਸ਼ੁਰੂ ਹੋ ਗਏ ਸਨ। ਸੁਣਵਾਈ ਦੌਰਾਨ ਸਿਮਰਜੀਤ ਬੈਂਸ ਨੇ ਕਿਹਾ ਕਿ ਛੇਤੀ ਹੀ ਉਹ ਸਾਰਾ ਸੱਚ ਬਾਹਰ ਲਿਆਉਣਗੇ ਤੇ ਉਨ੍ਹਾਂ ’ਤੇ ਦੋਸ਼ ਲਾਉਣ ਵਾਲੇ ਵੀ ਖ਼ੁਦ ਉਨ੍ਹਾਂ ਨੂੰ ਸੱਚਾ ਦੱਸਣਗੇ। ਇਸ ਮਾਮਲੇ ਵਿੱਚ ਸਿਮਰਜੀਤ ਬੈਂਸ ਨਾਲ ਗ੍ਰਿਫ਼ਤਾਰ ਕੀਤੇ ਗਏ ਉਸ ਦੇ ਦੋਵੇਂ ਭਰਾਵਾਂ, ਪੀਏ ਤੇ ਸਾਥੀਆਂ ਸਣੇ ਦੋ ਮਹਿਲਾਵਾਂ ਨੂੰ ਪਹਿਲਾਂ ਹੀ ਜੇੇਲ੍ਹ ਭੇਜਿਆ ਜਾ ਚੁੱਕਾ ਹੈ।
ਅਕਾਲੀ ਦਲ ਨੇ ਦਰਜ ਕਰਵਾਇਆ ਝੂਠਾ ਕੇਸ: ਬਲਵਿੰਦਰ ਬੈਂਸ
ਸਿਮਰਜੀਤ ਸਿੰਘ ਬੈਂਸ ਦੇ ਵੱਡੇ ਭਰਾ ਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਅੱਜ ਇੱਥੇ ਕੀਤੀ ਪ੍ਰੈੱਸ ਮਿਲਣੀ ਦੌਰਾਨ ਕਿਹਾ ਕਿ ਸਿਮਰਜੀਤ ਬੈਂਸ ’ਤੇ ਜਬਰਜਨਾਹ ਦਾ ਦੋਸ਼ ਅਕਾਲੀ ਦਲ ਵੱਲੋਂ ਲਗਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਦੋਸ਼ ਲਗਾਉਣ ਵਾਲੀ ਔਰਤ ਨੇ 25 ਲੱਖ ਰੁਪਏ ਦਾ ਵਕੀਲ ਕਿਵੇਂ ਕੀਤਾ। ਔਰਤ ਨੂੰ ਕਿਸ ਨੇ ਫਲੈਟ ਤੇ ਕਾਰ ਲੈ ਕੇ ਦਿੱਤੀ। ਬਲਵਿੰਦਰ ਬੈਂਸ ਨੇ ਦੋਸ਼ ਲਾਇਆ ਕਿ ਪੀੜਤ ਔਰਤ ਦੇ ਪਿਤਾ ਨੇ ਸਮਝੌਤੇ ਦੀ ਗੱਲ ਕਹਿ ਕੇ ਪਰਮਜੀਤ ਸਿੰਘ ਪੰਮਾ ਨੂੰ ਫਸਾਇਆ ਹੈ।