ਪੱਤਰ ਪ੍ਰੇਰਕ
ਭਾਈਰੂਪਾ, 17 ਅਪਰੈਲ
ਪਿੰਡ ਮਹਿਰਾਜ ਵਿੱਚ ਕੱਪੜੇ ਦੀ ਇੱਕ ਛੋਟੀ ਜਿਹੀ ਦੁਕਾਨ ਕਰਨ ਵਾਲਾ ਰੋਸ਼ਨ ਸਿੰਘ ਪੰਜਾਬ ਸਟੇਟ ਲਾਟਰੀ ਵਿਸਾਖੀ ਬੰਪਰ ਦੇ ਢਾਈ ਕਰੋੜ ਦੀ ਰਾਸ਼ੀ ਦਾ ਪਹਿਲਾ ਇਨਾਮ ਨਿਕਲਣ ਨਾਲ ਰਾਤੋ-ਰਾਤ ਕਰੋੜਪਤੀ ਬਣ ਗਿਆ। ਰੋਸ਼ਨ ਸਿੰਘ ਨੇ ਦੱਸਿਆ ਕਿ ਉਹ ਲਗਪਗ 1988 ਤੋਂ ਪੰਜਾਬ ਸਟੇਟ ਲਾਟਰੀ ਦੀਆਂ ਟਿਕਟਾਂ ਖ਼ਰੀਦ ਕੇ ਲਾਟਰੀ ਪਾਉਂਦਾ ਆ ਰਿਹਾ ਹੈ ਤੇ ਇਸ ਵਾਰ ਵੀ ਉਸ ਨੇ ਰਤਨ ਲਾਟਰੀ ਸਟਾਲ ਤੋਂ ਪੰਜਾਬ ਸਟੇਟ ਲਾਟਰੀ ਦਾ ਵਿਸਾਖੀ ਬੰਪਰ ਟਿਕਟ ਖਰੀਦਿਆ ਸੀ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਨੂੰ ਲਾਟਰੀ ਦਾ ਇਨਾਮ ਨਿਕਲਣ ਬਾਰੇ ਫੋਨ ਆਇਆ ਸੀ ਪਰ ਉਨ੍ਹਾਂ ਨੂੰ ਲੱਗਿਆ ਕਿ ਕੋਈ ਮਜ਼ਾਕ ਕਰ ਰਿਹਾ ਹੈ, ਫਿਰ ਜਦੋਂ ਉਨ੍ਹਾਂ ਟਿਕਟ ਦਾ ਨੰਬਰ ਮਿਲਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਦਾ ਹੀ ਇਨਾਮ ਨਿਕਲਿਆ ਹੈ। ਰੋਸ਼ਨ ਸਿੰਘ ਦੀ ਲਾਟਰੀ ਨਿਕਲਣ ਦੀ ਖ਼ਬਰ ਨਾਲ ਪੂਰੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਵੱਲੋਂ ਲਾਟਰੀ ਨਿਕਲਣ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ। ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਮਹਿਰਾਜ ਨੇ ਕਿਹਾ ਕਿ ਰੋਸ਼ਨ ਸਿੰਘ ਦਾ ਲਾਟਰੀ ਦਾ ਇੰਨਾ ਵੱਡਾ ਇਨਾਮ ਨਿਕਲਣਾ ਮਹਿਰਾਜ ਵਾਸੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ।