ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਕਤੂਬਰ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਦੋ ਵਿੱਤ ਸਲਾਹਕਾਰਾਂ ਦੀ ਨਿਯੁਕਤੀ ’ਤੇ ਉਂਗਲ ਉਠਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਤੋਂ ਸਾਫ ਹੈ ਕਿ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦਫਤਰ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਹੈ।
ਉਨ੍ਹਾਂ ਕਿਹਾ,‘ਕੀ ਹੁਣ ਪੰਜਾਬ ਦਾ ਪੈਸਾ ‘ਆਪ’ ਦੀ ਦਿੱਲੀ ਸਿਆਸਤ ਲਈ ਵਰਤਿਆ ਜਾਵੇਗਾ। ਕੀ ਪੰਜਾਬ ਦੇ ਲੋਕ ਦਿੱਲੀ ਚੋਣਾਂ ਦੀ ਕੀਮਤ ਅਦਾ ਕਰਨਗੇ।’
ਬਾਜਵਾ ਨੇ ਕਿਹਾ ਕਿ ‘ਆਪ’ ਪੰਜਾਬ ਦੇ ਵਸੀਲਿਆਂ ਨੂੰ ਲੁੱਟ ਕਰ ਰਹੀ ਹੈ। ਹੁਣ ਢਾਈ ਸਾਲਾਂ ਮਗਰੋਂ ‘ਆਪ’ ਨੇ ਲੋਕਾਂ ਨੂੰ ਮੁੜ ਬੇਵਕੂਫ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਭ ਕੁਝ ਦੇਖ ਰਹੇ ਹਨ ਅਤੇ ਹੁਣ ਕਦੇ ਵੀ ‘ਆਪ’ ਉੱਤੇ ਭਰੋਸਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਤਾਂ ਕਿਹਾ ਸੀ ਕਿ ਉਹ ਪੰਜ ਹਜ਼ਾਰ ਕਰੋੜ ਦੇ ਵਸੀਲੇ ਜੁਟਾਉਣਗੇ ਅਤੇ 20 ਹਜ਼ਾਰ ਕਰੋੜ ਸਾਲਾਨਾ ਰੇਤ ਤੋਂ ਆਮਦਨ ਹੋਵੇਗੀ ਪ੍ਰੰਤੂ ਪੰਜਾਬ ਦੀ ਵਿੱਤੀ ਹਾਲਤ ਮੰਦੇ ਹਾਲ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀਆਂ ਗਲਤ ਨੀਤੀਆਂ ਕਰਕੇ ਪੰਜਾਬ ਅੱਜ 3.65 ਲੱਖ ਕਰੋੜ ਦੇ ਕਰਜ਼ੇ ਹੇਠ ਹੈ।
ਖਹਿਰਾ ਨੇ ਨਵੇਂ ਸਲਾਹਕਾਰਾਂ ਦੀ ਨਿਯੁਕਤੀ ’ਤੇ ਸਰਕਾਰ ਨੂੰ ਭੰਡਿਆ
ਭੁਲੱਥ: ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਸਰਕਾਰ ਵੱਲੋਂ ਨਵੇਂ ਸਲਾਹਕਾਰ ਨਿਯੁਕਤ ਕਰਨ ’ਤੇ ਸਰਕਾਰ ਨੂੰ ਲੰਬੇ ਹੱਥੀਂ ਲਿਆ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ ਬਜਟ ਵਿੱਚੋਂ ਅਤੇ ਰੇਤ ਦੇ ਵਪਾਰ ਵਿੱਚੋਂ ਭਰਨ ਦੇ ਦਾਅਵੇ ਦੀ ਫੂਕ ਨਿਕਲ ਚੁੱਕੀ ਹੈ ਕਿਉਂਕਿ ਭਗਵੰਤ ਮਾਨ ਦੀ ਢਾਈ ਸਾਲ ਸਰਕਾਰ ਦੇ ਕੁਸ਼ਾਸਨ ਦੌਰਾਨ ਤਿੰਨ ਲੱਖ ਕਰੋੜ ਦਾ ਕਰਜ਼ਾ ਚਾਰ ਲੱਖ ਕਰੋੜ ਹੋ ਚੁੱਕਿਆ ਹੈ। ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਰਹੀ ਹੈ। ਪੰਚਾਇਤੀ ਚੋਣਾਂ ਦੌਰਾਨ ਜਿਹੜੀਆਂ ਧਾਂਦਲੀਆਂ ਹੋ ਰਹੀਆਂ ਹਨ ਉਹ ਪੰਜਾਬ ਦੇ ਲੋਕਾਂ ਸਾਹਮਣੇ ਹਨ। ਖਹਿਰਾ ਨੇ ਭਗਵੰਤ ਮਾਨ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਵਿੱਚ ਫੈਸਲੇ ਲੈਣ ਲਈ ਆਪਣੀ ਬੁੱਧੀ ਦੀ ਵਰਤੋਂ ਕਰਨ। -ਪੱਤਰ ਪ੍ਰੇਰਕ