ਗਗਨਦੀਪ ਅਰੋੜਾ
ਲੁਧਿਆਣਾ, 31 ਜਨਵਰੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲਕਾਂਡ ਕੇਸ ’ਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਅੱਜ ਆਪਣੇ ਪਿਤਾ ਦੇ ਭੋਗ ਸਮਾਗਮ ਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਉਨ੍ਹਾਂ ਨੂੰ ਇੱਕ ਘੰਟੇ ਦੀ ਪੈਰੋਲ ’ਤੇ ਲੁਧਿਆਣਾ ਭੇਜਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਖ਼ਤ ਸੁਰੱਖਿਆ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਦੁੱਗਰੀ ਦੇ ਗੁਰਦੁਆਰਾ ਸਾਹਿਬ ਲਿਆਂਦਾ ਗਿਆ। ਉੱਥੇ ਆਉਣ ਤੋਂ ਪਹਿਲਾਂ ਪਟਿਆਲਾ ਤੋਂ ਵਿਸ਼ੇਸ਼ ਕਮਾਂਡੋ ਦੇ ਨਾਲ-ਨਾਲ ਪਟਿਆਲਾ ਪੁਲੀਸ ਤੇ ਲੁਧਿਆਣਾ ਪੁਲੀਸ ਉਨ੍ਹਾਂ ਨੂੰ ਲੈ ਕੇ ਪੁੱਜੀ ਸੀ। ਜਦੋਂ ਉਹ ਗੁਰਦੁਆਰੇ ਦੇ ਗੇਟ ਕੋਲ ਪੁੱਜੇ ਤਾਂ ਪੁਲੀਸ ਨੇ ਮਨੁੱਖੀ ਕੜੀ ਬਣਾਈ ਕੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ। ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਪੈਰੋਲ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਉਸ ਨੂੰ ਇੱਕ ਘੰਟੇ ਦੀ ਪੈਰੋਲ ਦਿੱਤੀ ਸੀ। ਬਲਵੰਤ ਸਿੰਘ ਰਾਜੋਆਣਾ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ 26 ਸਾਲ ਬਾਅਦ ਪੂਰੇ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਿਆ।
ਉਹ ਆਪਣੇ ਘਰ ਜਾਣਾ ਚਾਹੁੰਦਾ ਸੀ, ਪਰ ਨਾ ਤਾਂ ਅਦਾਲਤ ਨੇ ਤੇ ਨਾ ਹੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਸ ਦੀ ਆਗਿਆ ਦਿੱਤੀ। ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਦੀ ਮੌਤ 22 ਜਨਵਰੀ ਨੂੰ ਹੋ ਗਈ ਸੀ। ਭੋਗ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਕੰਪਲੈਕਸ ’ਚ ਕਰੀਬ 20 ਮਿੰਟ ਤੱਕ ਉਹ ਪਰਿਵਾਰ ਤੇ ਦੂਸਰੇ ਰਿਸ਼ਤੇਦਾਰਾਂ ਨੂੰ ਮਿਲੇ। ਇਸ ਦੌਰਾਨ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਦੇ ਸਿਰ ’ਤੇ ਦਸਤਾਰ ਸਜਾਈ ਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ’ਚ ਹੀ ਲੰਗਰ ਛਕਿਆ। ਇਸ ਤੋਂ ਬਾਅਦ ਠੀਕ 2 ਵਜੇ ਉਸ ਨੂੰ ਪਟਿਆਲਾ ਵਾਪਿਸ ਭੇਜ ਦਿੱਤਾ ਗਿਆ।