ਗੁਰਬਖਸ਼ਪੁਰੀ
ਤਰਨ ਤਾਰਨ, 16 ਅਕਤੂਬਰ
ਖਾੜਕੂਵਾਦ ਦੌਰਾਨ ਸਰਹੱਦੀ ਖੇਤਰ ’ਚ ਰਹਿ ਕੇ ਕਿਰਤੀਆਂ ਦੀ ਆਵਾਜ਼ ਬੁਲੰਦ ਕਰਦਿਆਂ ਵਿਲੱਖਣ ਪਛਾਣ ਬਣਾਉਣ ਵਾਲੇ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ (62) ਆਪਣੇ ਪਿੱਛੇ ਬਹੁਤ ਸਾਰੀਆਂ ਯਾਦਾਂ ਛੱਡ ਗਏ ਹਨ| ਕਿਸੇ ਵੇਲੇ ਸੀਪੀਐੱਮ ਦੇ ਚੋਟੀ ਦੇ ਆਗੂਆਂ ਵਿੱਚ ਸ਼ੁਮਾਰ ਕਾਮਰੇਡ ਬਲਵਿੰਦਰ ਸਿੰਘ ਦੇ ਹਮਖਿਆਲ ਦੋਸਤ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਆਪਣੀਆਂ 32 ਸਾਲ ਪੁਰਾਣੀਆਂ ਗੱਲਾਂ ਯਾਦ ਕਰਦਿਆਂ ਦੱਸਿਆ ਕਿ ਬਲਵਿੰਦਰ ਸਿੰਘ ਨੂੰ ਉਸ ਵੇਲੇ ਦੇ ਗਰਮ ਖਿਆਲੀ ਬਰਦਾਸ਼ਤ ਨਹੀਂ ਕਰਦੇ ਸਨ| ਬਲਵਿੰਦਰ ਸਿੰਘ ਦੇ ਘਰ ਹੀ ਪਾਰਟੀ ਦੀ ਇੱਕ ਮੀਟਿੰਗ ਦੌਰਾਨ ਉਸ ਦੇ ਮਾਪਿਆਂ ਨੇ ਉਸ ਦੇ ਵਿਆਹ ਦੀ ਗੱਲ ਤੋਰ ਦਿੱਤੀ ਸੀ| ਗੱਲ ਚਲਦਿਆਂ ਐਧਰ-ਓਧਰ ਦੇਖਣ-ਪਰਖਣ ’ਤੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੁਲਾਰ ਦੇ ਪਾਰਟੀ ਨਾਲ ਸਬੰਧਤ ਇਕ ਪਰਿਵਾਰ ’ਤੇ ਨਿਗ੍ਹਾ ਜਾ ਟਿਕੀ| ਪਰਿਵਾਰ ਦਾ ਮੁਖੀ ਅਜੀਤ ਸਿੰਘ ਮਜ਼ਦੂਰ ਜਥੇਬੰਦੀ ਸੀਟੂ ਦਾ ਆਗੂ ਸੀ ਅਤੇ ਉਸ ਦੀ ਪਤਨੀ ਗੁਰਮੇਜ ਕੌਰ ਪਾਰਟੀ ’ਚ ਔਰਤਾਂ ਦੀ ਇਕਾਈ ਜਨਵਾਦੀ ਇਸਤਰੀ ਸਭਾ ਦੀ ਸੂਬਾ ਆਗੂ ਸੀ। ਇਸ ਦੌਰਾਨ ਅਜੀਤ ਸਿੰਘ ਅਤੇ ਗੁਰਮੇਜ ਕੌਰ ਦੀ ਧੀ ਨਾਲ ਬਲਵਿੰਦਰ ਸਿੰਘ ਦੇ ਰਿਸ਼ਤੇ ਬਾਰੇ ਗੱਲ ਹੋ ਰਹੀ ਸੀ। ਪਾਰਟੀ ਦੇ ਆਗੂਆਂ ਨੇ ਸਹਿਮਤੀ ਲਏ ਬਿਨਾਂ ਖ਼ੁਦ ਹੀ ਦੋਵਾਂ ਪਰਿਵਾਰਾਂ ਨੂੰ ਪਾਰਟੀ ਦੇ ਫ਼ੈਸਲੇ ਤੋਂ ਜਾਣੂੰ ਕਰਵਾ ਦਿੱਤਾ, ਜਿਸ ਨੂੰ ਉਨ੍ਹਾਂ ਸਵੀਕਾਰ ਲਿਆ| ਸ੍ਰੀ ਰੰਧਾਵਾ ਨੇ ਦੱਸਿਆ ਕਿ ਦਸੰਬਰ, 1988 ਵਿੱਚ ਜਦੋਂ ਰੋਜ਼ਾਨਾ ਬੇਕਸੂਰ ਲੋਕਾਂ ਨੂੰ ਗੋਲੀਆਂ ਨਾਲ ਮਾਰ ਦੇਣਾ ਆਮ ਗੱਲ ਸੀ, ਉਦੋਂ ਬਲਵਿੰਦਰ ਸਿੰਘ ਦੇ ਵਿਆਹ ਦਾ ਦਿਨ ਤੈਅ ਹੋਇਆ| ਨਾਜ਼ੁਕ ਮਾਹੌਲ ਦੇ ਮੱਦੇਨਜ਼ਰ ਪਾਰਟੀ ਆਗੂਆਂ ਨੇ ਬਾਰਾਤ ਦੀ ਸੁਰੱਖਿਆ ਲਈ ਲੋੜੀਂਦੇ ਬੰਦੋਬਸਤ ਕੀਤੇ ਸਨ| ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ ਦੱਸਦੀ ਹੈ ਕਿ ਉਸ ਦੇ ਪੇਕੇ ਘਰ ਵੀ ਵਿਆਹ ਵਾਲੇ ਦਿਨ ਕਿਸੇ ਵੀ ਸਥਿਤੀ ਦਾ ਟਾਕਰਾ ਕਰਨ ਲਈ ਪਾਰਟੀ ਵਰਕਰਾਂ ਨੇ ਮੋਰਚਾਬੰਦੀ ਕੀਤੀ ਹੋਈ ਸੀ| ਜਗਦੀਸ਼ ਕੌਰ ਨੇ ਦੱਸਿਆ ਕਿ ਵਿਆਹ ਦੇ ਛੇਤੀ ਬਾਅਦ ਹੀ ਪਰਿਵਾਰ ’ਤੇ ਖਾੜਕੂਆਂ ਦੇ ਹਮਲੇ ਸ਼ੁਰੂ ਹੋ ਗਏ| ਇਸ ਦੌਰਾਨ ਹੀ ਉਨ੍ਹਾਂ ਜਿਥੇ ਘਰ ਦੇ ਕੋਠੇ ’ਤੇ ਮੋਰਚੇ ਬਣਾਉਣੇ ਸ਼ੁਰੂ ਕੀਤੇ, ਉਥੇ ਉਸ ਨੇ ਵੀ ਹਥਿਆਰ ਚਲਾਉਣੇ ਸਿੱਖ ਲਏ ਸਨ| ਉਸ ਨੇ ਦੱਸਿਆ ਕਿ ਪੁਲੀਸ ਰਿਕਾਰਡ ਅਨੁਸਾਰ ਉਨ੍ਹਾਂ ’ਤੇ ਖਾੜਕੂਆਂ ਨੇ ਕੁੱਲ 42 ਵਾਰ ਹਮਲੇ ਕੀਤੇ, ਜਿਨ੍ਹਾਂ ’ਚ ਕਈ ਵਾਰ ਤਾਂ ਰਾਕੇਟਾਂ ਦੀ ਵੀ ਵਰਤੋਂ ਕੀਤੀ ਗਈ| ਇਸੇ ਲਈ ਭਾਰਤ ਸਰਕਾਰ ਵੱਲੋਂ 14 ਅਪਰੈਲ, 1993 ਨੂੰ ਬਲਵਿੰਦਰ ਸਿੰਘ ਭਿੱਖੀਵਿੰਡ, ਉਸ ਦੀ ਪਤਨੀ ਜਗਦੀਸ਼ ਕੌਰ, ਭਰਾ ਰਣਜੀਤ ਸਿੰਘ ਅਤੇ ਭਰਜਾਈ ਬਲਰਾਜ ਕੌਰ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਆ ਗਿਆ| ਮੌਜੂਦਾ ਸਮੇਂ ਪਰਿਵਾਰ ਨੇ ਕਸਬਾ ਭਿੱਖੀਵਿੰਡ ਵਿੱਚ ਆਪਣੇ ਨਿੱਜੀ ਸਕੂਲ ਦੀ ਤਿੰਨ ਮੰਜ਼ਿਲਾ ਇਮਾਰਤ ਦੇ ਉੱਤੇ ਹੀ ਰਿਹਾਇਸ਼ ਦਾ ਬੰਦੋਬਸਤ ਕੀਤਾ ਹੋਇਆ ਹੈ ਪਰ ਉਨ੍ਹਾਂ ਪੁਰਾਣੇ ਘਰ ਵਿੱਚ ਖਾੜਕੂਆਂ ਦੇ ਟਾਕਰੇ ਲਈ ਕੀਤੀ ਮੋਰਚਾਬੰਦੀ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ|