ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 23 ਜੂਨ
ਬਲਾਕ ਆਦਮਪੁਰ ਅਧੀਨ ਪੈਂਦੇ ਪੰਡੋਰੀ ਨਿੱਝਰਾਂ ਦੇ ਲੋਕਾਂ ਨੇ ਪਿੰਡ ਵਿੱਚ ਸਿਆਸੀ ਆਗੂਆਂ ਦੇ ਆਉਣ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਪਿੰਡ ਦੇ ਸਾਰੇ ਮੁੱਖ ਗੇਟਾਂ ’ਤੇ ਸਿਆਸੀ ਆਗੂਆਂ ਦੇ ਬਾਈਕਾਟ ਵਾਲੇ ਫਲੈਕਸ ਵੀ ਲਾ ਦਿੱਤੇ ਗਏ ਹਨ। ਪਿੰਡ ਦੇ ਮੋਹਤਬਰਾਂ ਨੇ ਪੰਚਾਇਤ ਘਰ ਵਿੱਚ ਮੀਟਿੰਗ ਕਰਕੇ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ।
ਇਸ ਸਬੰਧੀ ਕਿਸਾਨ ਆਗੂ ਹਰਨੀਤ ਸਿੰਘ ਨੀਟਾ, ਹਰਮੀਤ ਸਿੰਘ ਨਿੱਝਰ ਅਤੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਹਾਲਾਤ ਦੇਖਦਿਆਂ ਉਨ੍ਹਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼, ਬੇਅਦਬੀ ਕਾਂਡ ਅਤੇ ਹੋਰ ਗੰਭੀਰ ਮੁਦਿਆਂ ’ਤੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂਆਂ ਨੇ ਬਿਆਨਾਂ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ, ਜਿਸ ਕਾਰਨ ਪਿੰਡ ਪੰਡੋਰੀ ਨਿੱਝਰਾਂ ਵਿੱਚ ਉਨ੍ਹਾਂ ਦੇ ਆਉਣ ’ਤੇ ਰੋਕ ਲਾ ਦਿੱਤੀ ਗਈ ਹੈ। ਇਸ ਮੌਕੇ ਬਲਵਿੰਦਰ ਸਿੰਘ ਸ਼ੌਕੀ, ਸ਼ਰਨਪ੍ਰੀਤ ਸਿੰਘ, ਬਲਬੀਰ ਸਿੰਘ, ਹਰਦੀਪ ਸਿੰਘ, ਜਗਦੀਪ ਸਿੰਘ, ਗੁਰਜੀਤ ਸਿੰਘ, ਵਰਿੰਦਰ ਜੀਤ ਸਿੰਘ, ਵਿਸ਼ਾਲ ਕਾਕਾ ਤੇ ਹੋਰ ਹਾਜ਼ਰ ਸਨ।