ਰਾਕੇਸ਼ ਸੈਣੀ
ਨੰਗਲ, 17 ਸਤੰਬਰ
ਇਲਾਕੇ ਦੇ ਟਰਾਂਸਪੋਟਰਾਂ ਨੇ ਅੱਜ ਆਪਣੀਆਂ ਮੰਗਾਂ ਮਨਵਾਉਣ ਲਈ ਟਰਾਂਸਪੋਰਟ ਆਗੂ ਸੁਰਜੀਤ ਢੇਰ ਦੀ ਅਗਵਾਈ ਵਿੱਚ ਇਥੇ ਨੰਗੇਧੱੜ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਮੂਹ ਟਰਾਂਸਪੋਰਟਰਾਂ ਨੇ ਪੰਜਾਬ ਸਰਕਾਰ ਅਤੇ ਪੀਏਸੀਐੱਲ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਟਰਾਂਸਪੋਰਟਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੋਸ ਪ੍ਰਦਸ਼ਨ ਕਰ ਰਹੇ ਹਨ।
ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਕਮਾਰੇਡ ਸੁਰਜੀਤ ਢੇਰ ਅਤੇ ਬਲਬੀਰ ਸਿੰਘ ਨੇ ਕਿਹਾ ਕਿ ਸਾਨੂੰ ਮਜ਼ਬੂਰ ਹੋ ਕੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲੈਣਾ ਪਿਆ ਹੈ ਕਿਉਂਕਿ ਟਰੱਕ ਯੂਨੀਅਨ ਨੰਗਲ ਨੇ ਸਥਾਨਕ ਪੀਏਸੀਐੱਲ ਕੰਪਨੀ ਨਾਲ ਜੋ ਸਮਝੌਤੇ ਕੀਤੇ ਸਨ, ਉਹ ਸਮਝੌਤੇ ਕਥਿਤ ਤੌਰ ’ਤੇ ਟਰਾਂਸਪੋਰਟਰਾਂ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਲੌਕਡਾਊਨ ਦੀ ਆੜ ਵਿੱਚ ਟਰਾਂਸਪੋਰਟਰਾਂ ਦੇ 25 ਫੀਸਦੀ ਕਿਰਾਏ ਘਟਾਏ ਗਏ ਹਨ ਜਦੋਕਿ ਲੰਬਾ ਸਮਾਂ ਬੀਤਣ ਦੇ ਬਾਵਜੂਦ ਕਿਰਾਏ ਨਹੀਂ ਵਧਾਏ ਗਏ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਟਰਾਂਸਪੋਟਰਾਂ ਦੀ ਆਰਥਿਕ ਹਾਲਤ ਮਾੜੀ ਹੁੰਦੀ ਜਾ ਰਹੀ ਹੈ ਤੇ ਅਨੇਕਾਂ ਹੀ ਟਰਾਂਸਪੋਰਟਰ ਇਸ ਕਾਰੋਬਾਰ ਤੋਂ ਕਿਨਾਰਾ ਕਰ ਚੁੱਕੇ ਹਨ। ਟਰਾਂਸਪੋਰਟਰਾਂ ਨੇ ਕਿਹਾ ਕਿ ਢੋਆ-ਢੁਆਈ ਦੇ 25 ਫੀਸਦੀ ਕਿਰਾਏ ਵਧਾਏ ਜਾਣ, ਪੀਏਸੀਐੱਲ ਦੀ ਗੱਡੀਆਂ ਸਿਰਫ ਸਟੇਸ਼ਨ ਤੋਂ ਸਟੇਸ਼ਨ ਤੱਕ ਹੀ ਮਾਲ ਢੋਣ ਅਤੇ ਮਾਲ ਨੂੰ ਡੰਪ ਕੀਤੇ ਜਾਣਾ ਬੰਦ ਕੀਤਾ ਜਾਵੇ।
ਇਸ ਮੌਕੇ ਕਰਤਾਰ ਸਿੰਘ ਬਰੋਟੂ, ਤੇਜ ਪਾਲ ਸਿੰਘ, ਪਰਮਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਮੇਲ ਸਿੰਘ, ਹਰਜਾਪ ਸਿੰਘ, ਓਂਕਾਰ ਸਿੰਘ, ਮੋਹਿਤ ਕੁਮਾਰ, ਗੱਜਣ ਸਿੰਘ ਤੇ ਜਸਵੀਰ ਸਿੰਘ ਸੈਣੀ ਤੇ ਹੋਰ ਵਿਅਕਤੀ ਹਾਜ਼ਰ ਸਨ।