ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਨਵੰਬਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਸੰਖੇਪ ਸਪਸ਼ਟੀਕਰਨ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਭੇਜਿਆ ਹੈ ਪਰ ਇਸ ਸਪਸ਼ਟੀਕਰਨ ਤੋਂ ਸੰਤੁਸ਼ਟ ਨਾ ਹੁੰਦਿਆਂ ਮੁਤਵਾਜ਼ੀ ਜਥੇਦਾਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ 5 ਦਸੰਬਰ ਨੂੰ ਮੁੜ ਆਪਣਾ ਵਿਸਥਾਰਤ ਸਪਸ਼ਟੀਕਰਨ ਭੇਜਣ ਦਾ ਇਕ ਹੋਰ ਮੌਕਾ ਦਿੱਤਾ। ਮੁਤਵਾਜ਼ੀ ਜਥੇਦਾਰ ਵੱਲੋਂ ਸਾਬਕਾ ਮੁੱਖ ਮੰਤਰੀ ਨੂੰ ਬਰਗਾੜੀ ਮੋਰਚੇ ਵਿਚ ਨਿਆਂ ਦੇਣ ਦੇ ਦਿੱਤੇ ਭਰੋਸੇ ਤੋਂ ਭੱਜਣ ਦੇ ਦੋਸ਼ ਹੇਠ ਚੱਲ ਰਹੇ ਕੇਸ ਵਿਚ ਸਪੱਸ਼ਟੀਕਰਨ ਦੇਣ ਵਾਸਤੇ ਅਕਾਲ ਤਖ਼ਤ ’ਤੇ ਸੱਦਿਆ ਸੀ। ਮੁਤਵਾਜ਼ੀ ਜਥੇਦਾਰ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਅੱਜ ਵੀ ਪੇਸ਼ ਹੋਣ ਵਾਸਤੇ ਨਹੀਂ ਪੁੱਜੇ ਪਰ ਉਨ੍ਹਾਂ ਵੱਲੋਂ ਭੇਜਿਆ ਗਿਆ ਸੰਖੇਪ ਸਪੱਸ਼ਟੀਕਰਨ ਮਿਲਿਆ, ਜਿਸ ਵਿੱਚ ਉਨ੍ਹਾਂ ਉਹੀ ਜਾਣਕਾਰੀ ਦਿੱਤੀ ਹੈ ਜੋ ਸਾਰਿਆਂ ਕੋਲ ਹੈ। ਉਹ ਇਸ ਸਪਸ਼ਟੀਕਰਨ ਤੋਂ ਸੰਤੁਸ਼ਟ ਨਹੀਂ ਹਨ। ਇਸ ਲਈ ਉਨ੍ਹਾਂ ਨੂੰ ਸਪੱਸ਼ਟੀਕਰਨ ਦੇਣ ਦਾ ਇੱਕ ਹੋਰ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕੈਪਟਨ ਨੂੰ ਆਖਿਆ ਕਿ ਉਹ ਪੰਜ ਦਸੰਬਰ ਤਕ ਆਪਣਾ ਵਿਸਥਾਰਤ ਸਪੱਸ਼ਟੀਕਰਨ ਭੇਜਣ, ਜਿਸ ਵਿਚ ਇਸ ਮਾਮਲੇ ਵਿਚ ਹੋਈ ਦੇਰ ਜਾਂ ਕਿਸੇ ਵੱਲੋਂ ਕੋਈ ਅੜਿੱਕੇ ਪਾਏ ਗਏ ਹਨ, ਬਾਰੇ ਵਿਸਥਾਰ ਵਿਚ ਦੱਸਿਆ ਜਾਵੇ। ਇਸ ਦੌਰਾਨ ਉਨ੍ਹਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਮੇਤ ਪੰਜ ਏਲਚੀਆਂ ਬਾਰੇ ਆਪਣਾ ਫ਼ੈਸਲਾ ਪੰਜ ਦਸੰਬਰ ਤੱਕ ਰਾਖਵਾਂ ਰੱਖਿਆ।