ਸੁਰਜੀਤ ਮਜਾਰੀ
ਬੰਗਾ, 1 ਅਪਰੈਲ
ਪੰਜਾਬੀ ਸਾਹਿਤ ਲਈ ਸਭ ਤੋਂ ਵੱਧ ਨਕਦ ਰਾਸ਼ੀ ਵਾਲਾ ਕੌਮਾਂਤਰੀ ਪੁਰਸਕਾਰ ਸਥਾਪਤ ਕਰਨ ਵਾਲੇ ਬਰਜਿੰਦਰ ਸਿੰਘ ਢਾਹਾਂ (ਕੈਨੇਡਾ) ਦਾ ਉਨ੍ਹਾਂ ਦੇ ਜੱਦੀ ਪਿੰਡ ਢਾਹਾਂ ਵਿੱਚ ‘ਸਮਾਜ ਦਾ ਮਾਣ’ ਪੁਰਸਕਾਰ ਦੇ ਕੇ ਸਨਮਾਨ ਕੀਤਾ ਗਿਆ। ਇਹ ਉਪਰਾਲਾ ਨਵਜੋਤ ਸਾਹਿਤ ਸੰਸਥਾ ਔੜ ਅਤੇ ਮਾਸਿਕ ਅਦਬੀ ਮਹਿਕ ਸਾਹਲੋਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਕੋਹਪੁਰੀ ਤੇ ਰਸਾਲੇ ਦੇ ਸੰਪਾਦਕ ਸਤਪਾਲ ਸਾਹਲੋਂ ਨੇ ‘ਢਾਹਾਂ ਪੁਰਸਕਾਰ’ ਦੀ ਸਥਾਪਨਾ ਨੂੰ ਲੇਖਕ ਵਰਗ ਦੀ ਭਲਾਈ ਤੇ ਪੰਜਾਬੀ ਭਾਸ਼ਾ ਦੇ ਬਹੁਪੱਖੀ ਵਿਕਾਸ ਲਈ ਚਾਨਣ ਮੁਨਾਰਾ ਦੱਸਿਆ।
ਬਰਜਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੌਮਾਂਤਰੀ ਪੱਧਰ ’ਤੇ ਵੱਡੇ ਹੰਭਲੇ ਮਾਰਨ ਦੀ ਲੋੜ ਹੈ, ਜਿਸ ਵਿੱਚ ‘ਢਾਹਾਂ ਪੁਰਸਕਾਰ’ ਰਾਹੀਂ ਵੀ ਬਣਦਾ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।