ਪਰਸ਼ੋਤਮ ਬੱਲੀ
ਬਰਨਾਲਾ, 21 ਜਨਵਰੀ
ਇਥੇ ਦਾਣਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਕੇਂਦਰ ਅਤੇ ਸੂਬੇ ਨਾਲ ਸਬੰਧਤ ਕਿਸਾਨੀ ਮੰਗਾਂ ਬਾਰੇ ਅੱਜ ਸੂਬਾ ਪੱਧਰੀ ਭਰਵੀਂ ‘ਜੁਝਾਰ ਰੈਲੀ’ ਕੀਤੀ ਗਈ। ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜਥੇਬੰਦੀ ਦਾ ਝੰਡਾ ਝੁਕਾਇਆ ਗਿਆ। ਰੈਲੀ ਵਿੱਚ ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਸਾਨਾਂ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਜਿੱਤ ਸਬੰਧੀ ਕਿਹਾ ਕਿ ਅਸੀਂ ਅਜੇ ਲੜਾਈ ਦਾ ਇੱਕ ਪੜਾਅ ਜਿੱਤਿਆ ਹੈ। ਖੇਤੀ ਨੂੰ ਲਾਹੇਵੰਦਾ ਕਿੱਤੇ ਬਣਾਉਣ ਦਾ ਬਹੁਤ ਲੰਬਾ ਤੇ ਔਖਾ ਯੁੱਧ ਸਾਡੇ ਸਾਹਮਣੇ ਹੈ। ਇਸ ਯੁੱਧ ਨੂੰ ਜਿੱਤੇ ਬਗੈਰ ਸਾਡੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਣਾ। ਅੱਜ ਅਸੀਂ ਇਸੇ ਯੁੱਧ ਨੂੰ ਹੋਰ ਵੀ ਵਧੇਰੇ ਜੋਸ਼ ਤੇ ਹੋਸ਼ ਨਾਲ ਜਾਰੀ ਰੱਖਣ ਦਾ ਅਹਿਦ ਕਰਨ ਲਈ ਹੀ ਇਥੇ ਇਕੱਠੇ ਹੋਏ ਹਾਂ। ਯੂਨੀਅਨ ਦੇ ਜਨਰਲ ਸਕੱਤਰ ਜਗਮੋਹਨ ਉੱਪਲ ਨੇ ਕਿਹਾ ਕਿ ਅੱਜਕਲ੍ਹ ਪੰਜਾਬ ਵਿੱਚ ਚੋਣਾਂ ਦਾ ਘੜਮੱਸ ਹੈ ਪਰ ਇਸ ਮਾਹੌਲ ਵਿਚ ਵੀ ਆਪਣੇ ਅਸਲੀ ਨਿਸ਼ਾਨੇ ਨੂੰ ਵਿਸਾਰਨਾ ਨਹੀਂ ਚਾਹੀਦਾ। ਕਿਸਾਨ ਅੰਦੋਲਨ ਦੀਆਂ ਅਜੇ ਕਈ ਮੰਗਾਂ ਬਾਕੀ ਹਨ ਜਿਨ੍ਹਾਂ ਲਈ ਸੰਯੁਕਤ ਕਿਸਾਨ ਮੋਰਚੇ ਨੇ 31 ਜਨਵਰੀ ਨੂੰ ਵਾਅਦਾ-ਖਿਲਾਫੀ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਉਸ ਦਿਨ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਰੋਹ- ਭਰਪੂਰ ਮੁਜ਼ਾਹਰੇ ਕਰਨ ਦਾ ਹੋਕਾ ਦਿੱਤਾ। ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਵਾਅਦੇ ਅਨੁਸਾਰ ਕਿਸਾਨਾਂ-ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕਰੇ ਵਰਨਾ ਕਿਸਾਨਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਦੂਸਰੇ ਸੂਬਾਈ ਆਗੂਆਂ ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ, ਰਾਮ ਸਿੰਘ ਮਟੌਰਡਾ, ਬਲਵੰਤ ਸਿੰਘ ਉਪਲੀ, ਕੁਲਵੰਤ ਸਿੰਘ ਕਿਸ਼ਨਗੜ, ਤੇ ਲੱਛਮਣ ਭਾਗੀਵਾਂਦਰ ਅਤੇ ਔਰਤ ਆਗੂਆਂ ਬਲਜੀਤ ਕੌਰ ਕਾਤਰੋਂ, ਸੀਰਾ ਮਹੰਤ ਬਠਿੰਡਾ, ਐਡਵੋਕੇਟ ਬਲਵੀਰ ਕੌਰ ਮਾਨਸਾ ਅਤੇ ਅਮਰਜੀਤ ਕੌਰ ਬਰਨਾਲਾ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਬਿਜਲੀ ਐਕਟ 2020 ਰੱਦ ਕਰਾਉਣ, ਪ੍ਰਦੂਸ਼ਣ ਐਕਟ ’ਚੋਂ ਕਿਸਾਨ ਮਦ ਖਤਮ ਕਰਾਉਣ, ਜਨਤਕ ਵੰਡ ਪ੍ਰਣਾਲੀ ਪ੍ਰਬੰਧ ਨੂੰ ਮਜ਼ਬੂਤ ਕਰਨ ਵਰਗੀਆਂ ਹੋਰ ਮੰਗਾਂ ਨੂੰ ਵੀ ਉਭਾਰਿਆ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨਾਂ ਦਰਸ਼ਨ ਸਿੰਘ ਉਗੋਕੇ ਬਰਨਾਲਾ, ਬਲਦੇਵ ਸਿੰਘ ਭਾਈਰੂਪਾ ਬਠਿੰਡਾ,ਕਰਮ ਸਿੰਘ ਬਲਿਆਲ ਸੰਗਰੂਰ,ਗੁਰਮੇਲ ਸਿੰਘ ਢੱਕਡੱਬਾ ਪਟਿਆਲਾ,ਅੰਗਰੇਜ਼ ਸਿੰਘ ਮੋਹਾਲੀ, ਧਰਮਪਾਲ ਸਿੰਘ ਰੋੜੀਕਪੂਰਾ ਫਰੀਦਕੋਟ, ਹਰਨੇਕ ਸਿੰਘ ਮਹਿਮਾ ਫਿਰੋਜ਼ਪੁਰ, ਹਰੀਸ਼ ਨੱਢਾ ਫਾਜਲਿਕਾ, ਮਹਿੰਦਰ ਸਿੰਘ ਦਿਆਲਪੁਰਾ ਮਾਨਸਾ, ਸੁਖਚੈਨ ਸਿੰਘ ਰਾਜੂ ਮੋਗਾ, ਮਹਿੰਦਰ ਸਿੰਘ ਕਮਾਲਪੁਰਾ ਲੁਧਿਆਣਾ ਤੇ ਪਰਵਿੰਦਰ ਸਿੰਘ ਪੰਨੀਵਾਲ ਮੁਕਤਸਰ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਕਿਰਤੀਆਂ ਨੂੰ ਉਨਾਂ ਦੇ ਅਸਲ ਦੁਸ਼ਮਨ ਦੀ ਪਛਾਣ ਕਰਵਾ ਦਿੱਤੀ ਹੈ। ਇਸ ਮੌਕੇ ਕਈ ਮਤੇ ਪਾਸ ਕੀਤੇ ਗਏ।