ਪਰਸ਼ੋਤਮ ਬੱਲੀ
ਬਰਨਾਲਾ, 27 ਅਗਸਤ
ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਰੇਲਵੇ ਸਟੇਸ਼ਨ ‘ਤੇ ਲੱਗੇ ਸਾਂਝੇ ਕਿਸਾਨ ਧਰਨੇ ਦੌਰਾਨ ਅੱਜ ਬੁਲਾਰਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਮੰਗਾਂ ਪ੍ਰਤੀ ਅੜੀਅਲ ਵਤੀਰਾ ਧਾਰਨ ਕਰ ਰੱਖਿਆ ਹੈ। ਸਰਕਾਰ ਨੂੰ ਬੰਗਾਲ ਚੋਣਾਂ ਦੀ ਤਰ੍ਹਾਂ, ਯੂ.ਪੀ ਵਿਧਾਨ ਸਭਾ ਚੋਣਾਂ ‘ਚ ਸਿਆਸੀ ਹਲੂਣਾ ਦੇਣ ਲਈ ਭਾਜਪਾ ਨੂੰ ਹਰਾਉਣਾ ਜ਼ਰੂਰੀ ਹੈ। ਇਸੇ ਨੀਤੀ ਤਹਿਤ 5 ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 25 ਸਤੰਬਰ ਨੂੰ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਭਾਰਤ ਬੰਦ ਕੀਤਾ ਜਾਵੇਗਾ। ਆਗੂਆਂ ਨੇ ਧਰਨਾਕਾਰੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਦੀ ਸਫਲਤਾ ਲਈ ਹੁਣੇ ਤੋਂ ਤਿਆਰੀਆਂ ਵਿੱਢਣ ਦਾ ਹੋਕਾ ਦਿੱਤਾ। ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਉਜਾਗਰ ਸਿੰਘ ਬੀਹਲਾ, ਨਛੱਤਰ ਸਿੰਘ ਸਹੌਰ, ਜਸਪਾਲ ਚੀਮਾ, ਨੇਕਦਰਸ਼ਨ ਸਿੰਘ,ਗੁਰਦੇਵ ਸਿੰਘ ਮਾਂਗੇਵਾਲ, ਧਰਮਪਾਲ ਕੌਰ, ਗੁਰਚਰਨ ਸਿੰਘ ਸੁਰਜੀਤਪੁਰਾ, ਬਲਜੀਤ ਸਿੰਘ ਚੌਹਾਨਕੇ, ਗੁਰਦਰਸ਼ਨ ਸਿੰਘ ਦਿਉਲ, ਹਰਚਰਨ ਚੰਨਾ ਨੇ ਸੰਬੋਧਨ ਕੀਤਾ।
ਰਿਲਾਇੰਸ ਮਾਲ ਬਰਨਾਲਾ ਅੱਗੇ ਲੱਗਿਆ ਧਰਨਾ ਅੱਜ 331ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਧਰਨੇ ਨੂੰ ਮੇਜਰ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ ਤੇ ਦਲੀਪ ਸਿੰਘ ਨੇ ਸੰਬੋਧਨ ਕੀਤਾ। ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਤੇ ਕਰਨੈਲ ਸਿੰਘ ਗੁੰਮਟੀ ਨੇ ਇਨਕਲਾਬੀ ਗੀਤ ਪੇਸ਼ ਕੀਤਾ।