ਪਰਸ਼ੋਤਮ ਬੱਲੀ
ਬਰਨਾਲਾ, 30 ਅਕਤੂਬਰ
‘ਭਾਰਤ ਵਿੱਚ ਸੱਤਾ ਦੀ ਸਾਂਝ ਨਾਲ ਵਧ ਫ਼ੁੱਲ ਰਹੀਆਂ ਫਾਸ਼ੀਵਾਦੀ ਤਾਕਤਾਂ ਮਾਨਵਤਾਵਾਦੀ ਸਮਾਜ ਦੇ ਰਾਹ ਦਾ ਰੋੜਾ ਹਨ, ਜਿਹੜੀਆਂ ਧਰਮ ਤੇ ਅੰਧਵਿਸ਼ਵਾਸ਼ ਦੇ ਸਹਾਰੇ ਲੋਕਾਂ ਨੂੰ ਗੁੰਮਰਾਹ ਕਰਨ ’ਤੇ ਤੁਲੀਆਂ ਹੋਈਆਂ ਹਨ।’ ਇਹ ਗੱਲ ਇਥੇ ਤਰਕਸ਼ੀਲ ਭਵਨ ਵਿਖੇ ਫੈਡਰੇਸ਼ਨ ਆਫ਼ ਇੰਡੀਅਨ ਰੈਸ਼ਨੇਲਿਸਟ ਐਸੋਸੀਏਸ਼ਨਜ (ਫੀਰਾ) ਦੀ ਦੋ ਰੋਜ਼ਾ ਕਾਨਫਰੰਸ ਸਮਾਪਤੀ ਸੰਬੋਧਨ ਦੌਰਾਨ ਕੌਮੀ ਸਕੱਤਰ ਡਾ. ਸੁਦੇਸ਼ ਘੋੜੇਰਾਓ ਨੇ ਕਹੀ। ਉਨ੍ਹਾਂ ਆਖਿਆ ਕਿ ਹਨੇਰੇ ਦੀਆਂ ਪ੍ਰਤੀਕ ਅਜਿਹੀਆਂ ਤਾਕਤਾਂ ਨੂੰ ਮਾਤ ਦੇਣ ਲਈ ਚੇਤਨਾ, ਇਕਮੁੱਠਤਾ ਤੇ ਸੰਘਰਸ਼ ਹੀ ਰਾਹ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੇਜ਼ਬਾਨੀ ‘ਚ ਹੋਈ ਕਾਨਫਰੰਸ ਵਿੱਚ ਔਰਤਾਂ ਤੇ ਅੰਧਵਿਸ਼ਵਸ਼ ਵਿਸ਼ੇ ‘ਤੇ ਬਸੰਤੀ ਆਚਾਰਿਆ ਉੜੀਸਾ, ਡਾ. ਅਰੀਤ, ਮਮਤਾ ਨਾਇਕ ਕਰਨਾਟਕ ਤੇ ਸਜੀਤ ਸੀ. ਕੇਰਲਾ ਨੇ ਭਾਰਤੀ ਸਮਾਜ ਵਿੱਚ ਔਰਤਾਂ ਦੇ ਹਾਲਤ ’ਤੇ ਚਰਚਾ ਕੀਤੀ। ਉਨ੍ਹਾਂ ਔਰਤਾਂ ਲਈ ਅੱਗੇ ਵਧਣ ਦੇ ਬਰਾਬਰ ਮੌਕੇ ਤੇ ਸਮਜਿਕ ਬਰਾਬਰੀ ਦੀ ਮੰਗ ਕੀਤੀ। ਕਾਨਫਰੰਸ ਦੇ ਅਗਲੇ ਸੈਸ਼ਨ ਵਿੱਚ ਸਾਇੰਸ ਫ਼ਾਰ ਸੁਸਾਇਟੀ ਝਾਰਖੰਡ, ਅੰਧਸ਼ਰਧਾ ਨਿਰਮੂਲਣ ਸਮਿਤੀ, ਮਹਾਰਾਸ਼ਟਰ, ਯੁਕਤੀਵਾਦੀ ਸੰਗਠਨ ਕੇਰਲਾ ਸਮੇਤ ਹੋਰਨਾਂ ਰਾਜਾਂ ਦੇ ਡੈਲੀਗੇਟਾਂ ਨੇ ਆਪੋ ਆਪਣੀਆਂ ਸੰਸਥਾਵਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਹੋ ਰਹੀਆਂ ਚੇਤਨਾ ਮੁਖੀ ਸਰਗਰਮੀਆਂ ਦੀ ਝਲਕ ‘ਫੀਰਾ’ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਅਹਿਮੀਅਤ ਦਰਸਾਉਂਦੀ ਸੀ। ‘ਫੀਰਾ’ ਦੇ ਕੌਮੀ ਪ੍ਰਧਾਨ ਪ੍ਰੋ. ਨਰੇਂਦਰ ਨਾਇਕ ਨੇ ਦੇਸ਼ ਭਰ ਵਿੱਚ ਮਾਨਵਵਾਦੀ, ਤਰਕਸ਼ੀਲ ਤੇ ਵਿਗਿਆਨਕ ਵਿਚਾਰਾਂ ਦੇ ਪ੍ਰਚਾਰ ਪਸਾਰ ਲਈ ਡਟਣ ਦਾ ਸੱਦਾ ਦਿੱਤਾ। ਇਸ ਮੌਕੇ ਸਾਹਿਤ ਦੇ ਖ਼ੇਤਰ ਵਿੱਚ ਤਰਕਸ਼ੀਲ ਸਾਹਿਤ ਨਾਲ ਉੱਘਾ ਯੋਗਦਾਨ ਦੇਣ ਬਦਲੇ ਸੰਸਥਾ ਵੱਲੋਂ ਡਾ. ਸੁਰਿੰਦਰ ਅਜਨਾਤ ਤੇ ਸੋਮਾ ਸਬਲੋਕ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਆਖਰੀ ਸ਼ੈਸ਼ਨ ਵਿੱਚ ਪੰਜਾਬ, ਉੜੀਸਾ ਤੇ ਤਿਲੰਗਾਨਾ ਰਾਜਾਂ ਦੀਆਂ ਸਭਿਆਚਾਰਕ ਕਲਾ ਦੀਆਂ ਵੰਨਗੀਆਂ ਚੇਤਨਾ ਤੇ ਚਾਨਣ ਦਾ ਛੱਟਾ ਦੇ ਗਈਆਂ। ਜੋਸਨਾ ਹੈਦਰਾਬਾਦ, ਨੀਲੇਸ਼ ਪਾਟਿਲ, ਨਾਗਪੁਰ, ਉਦੈ ਕੁਮਾਰ ਉੱਤਰਾਖੰਡ ਤੇ ਸੰਜੈ ਜੰਮੂ ਨੇ ਆਪਣੇ ਸਾਥੀਆਂ ਨਾਲ ਕਲਾ ਦੇ ਵੱਖ ਵੱਖ ਰੂਪਾਂ ਨੂੰ ਮੰਚ ਤੇ ਸਾਕਾਰ ਕੀਤਾ। ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਪੇਸ਼ ਕੀਤੀ ਗਈ ਭਗਤ ਸਿੰਘ ਦੀ ਘੋੜੀ ਸਭਿਆਚਾਰਕ ਸ਼ੈਸ਼ਨ ਦਾ ਸਿਖ਼ਰ ਹੋ ਨਬਿੜੀ। ਕਾਨਫਰੰਸ ਵਿੱਚ ਸ਼ਾਮਲ 18 ਰਾਜਾਂ ਤੋਂ ਆਏ ਡੈਲੀਗੇਟਾਂ ਨੇ ਬਰਨਾਲਾ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਮਾਰਚ ਵੀ ਕੱਢਿਆ। ਆਪੋ ਆਪਣੇ ਰਾਜਾਂ ਦੇ ਬੈਨਰਾਂ ਤੇ ਰਾਮਾਸਵਾਮੀ ਪੇਰੀਆਰ, ਡਾ. ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਫੜ ਮਾਰਚ ਕੱਢਿਆ। ਰਾਸ਼ਟਰੀ ਕਾਨਫਰੰਸ ਵਿਗਿਆਨਕ ਚੇਤਨਾ ਤੇ ਰੰਗ, ਭੇਦ ਮੁਕਤ ਸਮਾਜ ਦਾ ਸੰਦੇਸ਼ ਦਿੰਦੀ ਸੰਪੰਨ ਹੋਈ।