ਪਰਸ਼ੋਤਮ ਬੱਲੀ
ਬਰਨਾਲਾ, 14 ਅਗਸਤ
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਇਤਿਹਾਸਕ ਕਿਸਾਨੀ ਘੋਲ ਨੂੰ ਸਮਰਪਿਤ ਸੂਬਾ ਪੱਧਰੀ ਕਰਵਾਈ ਚੌਥੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਅੱਜ ਇਥੇ ਤਰਕਸ਼ੀਲ ਭਵਨ ਤੋਂ ਜਾਰੀ ਕੀਤਾ ਗਿਆ। ਨਤੀਜਾ ਜਾਰੀ ਕਰਦਿਆਂ ਵਿਭਾਗ ਦੇ ਸੂਬਾਈ ਮੁਖੀ ਰਜਿੰਦਰ ਭਦੌੜ ਨੇ ਦੱਸਿਆ ਕਿ ਇਸ ਵਾਰ ਪ੍ਰੀਖਿਆ ਵਿੱਚ ਪੰਜਾਬ ਭਰ ਦੇ ਮਿਡਲ ਤੇ ਸੈਕੰਡਰੀ ਵਿਭਾਗਾਂ ਦੇ 25,443 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ ਸੀ, ਜਿਸ ਵਿੱਚੋਂ ਸੈਕੰਡਰੀ ਵਿਭਾਗ ਦੇ ਹਰਮਨਦੀਪ ਕੌਰ ਕਲਾਸ ਦਸਵੀਂ ਸਸਸਸ ਖੇਮੂਆਣਾ(ਬਠਿੰਡਾ), ਅਮਰਿੰਦਰ ਕੌਰ ਕਲਾਸ ਬਾਰਵੀਂ ਸਸਸਸ ਕੁਠਾਲਾ(ਮਾਲੇਰਕੋਟਲਾ),ਪੁਸ਼ਪਿੰਦਰ ਸਿੰਘ ਕਲਾਸ ਬਾਰ੍ਹਵੀਂ ਸਸਸਸ ਮਾਲੇਰਕੋਟਲਾ ਪਹਿਲੇ ਸਥਾਨਾਂ ’ਤੇ ਆਏ, ਜਦਕਿ ਮਿਡਲ ਵਿਭਾਗ ਵਿੱਚ ਕਿਰਨ ਸਤਵੀਂ ਅੱਪੂ ਵਿਦਿਆਲਿਆ ਬਠਿੰਡਾ ਤੇ ਸੁਨੇਹਾ ਕਲਾਸ ਸੱਤਵੀਂ ਟੈਗੋਰ ਨਿਕੇਤਨ ਹਾਈ ਸਕੂਲ ਖਰੜ ਪੰਜਾਬ ਭਰ ਵਿੱਚੋਂ ਮੋਹਰੀ ਰਹੀਆਂ। ਸੈਕੰਡਰੀ ਵਿਭਾਗ ਵਿੱਚ 91 ਤੋਂ 97 ਅੰਕ ਪ੍ਰਾਪਤ ਕਰਨ ਵਾਲੇ ਅਤੇ ਮਿਡਲ ਵਿਭਾਗ ਵਿੱਚੋਂ 86 ਤੋਂ 93 ਅੰਕ ਪ੍ਰਾਪਤ ਕਰਨ ਵਾਲੇ ਵੀਹ-ਵੀਹ ਵਿਦਿਆਰਥੀਆਂ ਨੂੰ ਸੂਬਾ ਪੱਧਰੀ ਪੁਜੀਸ਼ਨ ਲਈ ਚੁਣ ਲਿਆ ਗਿਆ ਹੈ। ਇਨ੍ਹਾਂ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ੋਨ ਲਈ ਅਤੇ ਉਸ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਕਾਈ ਲਈ ਤੈਅ ਸ਼ੁਦਾ ਨੀਤੀ ਅਨੁਸਾਰ ਚੁਣਿਆ ਗਿਆ ਹੈ। ਸੂਬੇ ਵਿੱਚ ਚੁਣੇ ਹੋਏ ਵਿਦਿਆਰਥੀਆਂ ਨੂੰ 1000 ਰੁਪਏ, 500 ਰੁਪਏ ਦੀ ਕੀਮਤ ਦੀਆਂ ਪੁਸਤਕਾਂ, ਮੋਮੈਂਟੋ, ਪੁਜ਼ੀਸ਼ਨ ਸਰਟੀਫਿਕੇਟ ਤੇ ਸਾਲ ਲਈ ਤਰਕਸ਼ੀਲ ਮੈਗਜ਼ੀਨ ਦਿੱਤਾ ਜਾਵੇਗਾ। ਜ਼ੋਨ ਤੇ ਇਕਾਈਆਂ ਲਈ ਚੁਣੇ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਸੈੱਟ ਤੇ ਪੁਜੀਸ਼ਨ ਸਰਟੀਫਿਕੇਟ ਸਨਮਾਨ ਵਜੋਂ ਦਿੱਤੇ ਜਾਣਗੇ। ਇਕਾਈ ਤੋਂ ਸੂਬੇ ਤੱਕ 500 ਵਿਦਿਆਰਥੀ ਇਨਾਮ ਪ੍ਰਾਪਤ ਕਰਨਗੇ। ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਤਰਕਸ਼ੀਲ ਚੇਤਨਾ ਪ੍ਰੀਖਿਆ ਨੂੰ ਸਫਲ ਕਰਨ ਲਈ ਸਾਰੇ ਸਕੂਲ ਮੁਖੀਆਂ,ਅਧਿਆਪਕਾਂ,ਪ੍ਰੀਖਿਆ ਵਿੱਚ ਬਤੌਰ ਨਿਗਰਾਨ ਡਿਊਟੀ ਦੇਣ ਵਾਲੇ ਸਟਾਫ ਦਾ ਧੰਨਵਾਦ ਕਰਦਿਆਂ ਪ੍ਰੀਖਿਆ ਵਿੱਚ ਬੈਠੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਨਾਲ ਹੀ ਪ੍ਰੀਖਿਆ ਨੂੰ ਪਹਿਲੀ ਵਾਰ ਓਐੱਮਆਰ ਸ਼ੀਟ ’ਤੇ ਕਰਵਾਉਣ ਤੇ ਪ੍ਰੀਖਿਆ ਦੀ ਵੈੱਬਸਾਈਟ ਤਿਆਰ ਕਰਨ ਲਈ ਦਸਵੀਂ ਦੀ ਵਿਦਿਆਰਥਣ ਆਂਸ਼ਕਾ ਰਾਮਪੁਰਾ ਤੇ ਨਤੀਜੇ ਨੂੰ ਮੁਕੰਮਲ ਕਰਨ ਵਾਲੇ ਮਾਸਟਰ ਗਗਨ ਰਾਮਪੁਰਾ, ਗੁਰਪ੍ਰੀਤ ਸ਼ਹਿਣਾ ਵੀ ਸਰਾਹਨਾ ਕੀਤੀ। ਨਤੀਜੇ ਨੂੰ ਜਾਰੀ ਕਰਨ ਸਮੇਂ ਸੂਬਾ ਜਥੇਬੰਦਕ ਮੁਖੀ ਹੇਮ ਰਾਜ ਸਟੈਨੋ, ਬਲਬੀਰ ਚੰਦ ਲੌਂਗੋਵਾਲ, ਰਾਜਪਾਲ ਸਿੰਘ, ਸੁਖਵਿੰਦਰ ਬਾਗਪੁਰ, ਰਾਮ ਸਵਰਨ ਲੱਖੇਵਾਲੀ, ਗੁਰਪ੍ਰੀਤ ਸ਼ਹਿਣਾ, ਡਾ. ਮਜ਼ੀਦ ਆਜ਼ਾਦ, ਜੁਝਾਰ ਲੌਂਗੋਵਾਲ, ਜਸਵੰਤ ਮੁਹਾਲੀ ਤੇ ਰਾਜੇਸ਼ ਅਕਲੀਆ ਮੌਜੂਦ ਸਨ।