ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਜੂਨ
ਇਸ ਵਾਰ ਬਾਸਮਤੀ ਕਿਸਾਨਾਂ ਦੇ ਵਾਰੇ-ਨਿਆਰੇ ਕਰ ਸਕਦੀ ਹੈ। ਬਾਸਮਤੀ ਉਤਪਾਦਕ ਫ਼ਸਲਾਂ ਵਿਚ ਪਾਬੰਦੀਸ਼ੁਦਾ ਉੱਲੀ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਦੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ, ਜਿਸ ਨਾਲ ਦਰਾਮਦ ਮੁੜ ਸ਼ੁਰੂ ਹੋ ਗਈ ਹੈ। ਕਈ ਸਾਲ ਪਹਿਲਾਂ ਭਾਰਤ ਦੀ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਮਿਕਦਾਰ ਜ਼ਿਆਦਾ ਪਾਏ ਜਾਣ ਤੋਂ ਬਾਅਦ ਬਾਸਮਤੀ ਚਾਵਲ ਖਰੀਦਣ ਤੋਂ ਖਰੀਦਦਾਰਾਂ ਨੇ ਹੱਥ ਪਿੱਛੇ ਖਿੱਚ ਲਏ ਸਨ।
ਸੂਬੇ ਦੇ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਨੇ ਕਿਹਾ ਕਿ ਇਸ ਵਾਰ ਬਾਸਮਤੀ ਉਤਪਾਦਕਾਂ ਨੂੰ ਚੰਗਾ ਮੁਨਾਫਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਬੈਨ ਕੀਤੇ ਕੈਮੀਕਲਾਂ ਦੀ ਵਰਤੋਂ ਮੁਕੰਮਲ ਤੌਰ ’ਤੇ ਬੰਦ ਕਰਨ ਮਗਰੋਂ ਚੰਗੇ ਨਤੀਜੇ ਪ੍ਰਾਪਤ ਹੋਏ ਹਨ। ਕੁਝ ਸਾਲ ਪਹਿਲਾਂ ਅਮਰੀਕਾ ਤੇ ਯੂਰਪੀ ਯੂਨੀਅਨ ਨੇ ਭਾਰਤ ਦੀ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਮਿਕਦਾਰ ਜ਼ਿਆਦਾ ਪਾਏ ਜਾਣ ਤੋਂ ਬਾਅਦ ਚਾਵਲ ਖਰੀਦਣ ਤੋਂ ਹੱਥ ਪਿੱਛੇ ਖਿੱਚ ਲਏ ਸਨ ਅਤੇ ਹੁਣ ਦਰਾਮਦ ਸ਼ੁਰੂ ਹੋਣ ਮਗਰੋਂ ਬਾਸਮਤੀ ਦੇ ਭਾਅ ਵਿੱਚ ਤੇਜੀ ਆਉਣ ਨਾਲ ਕਿਸਾਨਾਂ ਨੂੰ ਚੰਗਾ ਮੁੱਲ ਮਿਲਣ ਦੀ ਉਮੀਦ ਵੱਧ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚਾਵਲ ਵਪਾਰੀ ਹੁਣ ਤੋਂ ਹੀ ਕਿਸਾਨਾਂ ਕੋਲੋਂ ਬਾਸਮਤੀ ਦੀ ਐਡਵਾਂਸ ਬੁਕਿੰਗ ਕਰਨ ਲੱਗ ਪਏ ਹਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਅਤੇ ਰਾਜ ਪੁਰਸਕਾਰ ਜੇਤੂ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਿਸਾਨਾਂ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦਰਾਮਦ ਸ਼ੁਰੂ ਹੋਣ ਨਾਲ ਭਾਰਤੀ ਆਰਥਿਕਤਾ ਨੂੰ ਚੰਗਾ ਹੁੰਗਾਰਾ ਮਿਲ ਸਕਦਾ ਹੈ।
ਅਗਾਂਹਵਧੂ ਕਿਸਾਨ ਸਵਰਨ ਸਿੰਘ ਅਤੇ ਪੰਡਤ ਸੋਮ ਨਾਥ ਪਿੰਡ ਰੋਡੇ ਨੇ ਕਿਹਾ ਕਿ ਬਾਸਮਤੀ ਦੀ ਖਰੀਦ ਆੜ੍ਹਤੀਆਂ ਜ਼ਰੀਏ ਰਾਈਸ ਸ਼ੈਲਰ ਮਾਲਕ ਕਰਦੇ ਹਨ। ਇਸ ਵਾਰ ਬਾਸਮਤੀ ਉਤਪਾਦਕਾਂ ਨੂੰ ਆਪਣੀ ਫਸਲ ਦਾ ਚੰਗਾ ਮੁੱਲ ਮਿਲਣ ਦੀ ਉਮੀਦ ਵਧ ਗਈ ਹੈ।
ਇਰਾਨੀਆਂ ਨੂੰ ‘ਭਾਰਤੀ ਬਾਸਮਤੀ 1121’ ਪਸੰਦ
ਜ਼ਿਲ੍ਹਾ ਰਾਈਸ ਮਿਲਰਜ਼ ਐਸੋਸੀਏਸ਼ਨ ਆਗੂ ਪ੍ਰੇਮ ਸਿੰਗਲ ਨੇ ਕਿਹਾ ਕਿ ਭਾਰਤੀ ਬਾਸਮਤੀ 1121 ਇਰਾਨ ’ਚ ਕਾਫੀ ਪਸੰਦ ਕੀਤੀ ਜਾਂਦੀ ਹੈ ਅਤੇ ਇਹ ਮੁੱਖ ਦਰਾਮਦਕਾਰ ਦੇਸ਼ ਹੈ। ਅਮਰੀਕਾ ਦੇ ਖੁਰਾਕ ਤੇ ਦਵਾਈਆਂ ਪ੍ਰਸ਼ਾਸਨ (ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ) ਵੱਲੋਂ ਤੈਅ ਕੀਤੇ ਮਾਪਦੰਡਾਂ ’ਤੇ ਪੰਜਾਬੀਆਂ ਦੇ ਬਾਸਮਤੀ ਚਾਵਲ ਖਰੇ ਉੱਤਰਦੇ ਹਨ ਤਾਂ ਅਮਰੀਕਾ ਸਮੇਤ ਜਾਪਾਨ ਤੇ ਹੋਰ ਵੀ ਕਈ ਦੇਸ਼ ਦਰਾਮਦ ਸ਼ੁਰੂ ਕਰ ਸਕਦੇ ਹਨ।