ਨਿੱਜੀ ਪੱਤਰ ਪ੍ਰੇਰਕ
ਬਟਾਲਾ, 18 ਨਵੰਬਰ
ਇਥੋਂ ਦੇ 25 ਸਾਲਾ ਨੌਜਵਾਨ ਅਭਿਸ਼ੇਕ ਤ੍ਰੇਹਨ ਨੇ ਕੰਪਿਊਟਰ ’ਤੇ ਟਾਈਪਿੰਗ ਕਰਨ ਦੀ ਰਫ਼ਤਾਰ ਸਦਕਾ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਉਹ ਆਪਣੀ ਪ੍ਰਤਿਭਾ ਸਦਕਾ ਦੁਨੀਆਂ ਦਾ ਸਭ ਤੋਂ ਤੇਜ਼ ਰਫ਼ਤਾਰ ਟਾਈਪਿਸਟ ਬਣ ਗਿਆ ਹੈ। ਪਹਿਲਾਂ ਇਹ ਰਿਕਾਰਡ ਚੀਨੀ ਵਿਅਕਤੀ ਦੇ ਨਾਮ ਸੀ। ਵਰਲਡ ਰਿਕਾਰਡ ਬਣਾ ਕੇ ਉਸ ਨੇ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਅਭਿਸ਼ੇਕ ਨੇ ਦੱਸਿਆ ਕੇ ਉਸ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਇਸ ਤੋਂ ਪਹਿਲਾਂ ਉਹ ਦੋ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਅਤੇ ਦੋ ਇੰਡੀਆ ਬੁੱਕ ਆਫ਼ ਰਿਕਾਰਡਜ਼ ਬਣਾ ਚੁੱਕਾ ਹੈ। ਅਭਿਸ਼ੇਕ ਨੇ ਦੱਸਿਆ ਕਿ ਉਹ ਛੋਟੀ ਉਮਰ ਤੋਂ ਦਿਨ-ਰਾਤ ਕੰਪਿਊਟਰ ਅਤੇ ਮੋਬਾਈਲ ਫੋਨ ’ਤੇ ਕੰਮ ਕਰਦਾ ਰਹਿੰਦਾ ਸੀ। ਉਸ ਦੇ ਮਾਤਾ-ਪਿਤਾ ਨੇ ਵੀ ਉਸ ਨੂੰ ਬਹੁਤ ਸਹਿਯੋਗ ਦਿੱਤਾ ਜਿਸ ਦੀ ਬਦੌਲਤ ਉਹ ਗਿੰਨੀਜ਼ ਬੁੱਕ ਵਰਲਡ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾ ਸਕਿਆ ਹੈ। ਉਸ ਨੇ ਤਿੰਨ ਸਕਿੰਟ ਅਤੇ 57 ਨੈਨੋ ਸਕਿੰਟਾਂ ਵਿੱਚ A ਤੋਂ ਲੈ ਕੇ Z ਤੱਕ ਦੇ ਅਲਫਾਬੈਟ ਟਾਈਪ ਕਰਕੇ ਰਿਕਾਰਡ ਬਣਾਇਆ ਹੈ।