ਹਰਜੀਤ ਸਿੰਘ ਪਰਮਾਰ
ਬਟਾਲਾ, 19 ਨਵੰਬਰ
ਲੰਘੀ ਰਾਤ ਕਰੀਬ ਸਾਢੇ ਸੱਤ ਵਜੇ ਇਥੋਂ ਦੇ ਸੁਨਿਆਰੇ ਦੀ ਦੁਕਾਨ ਅੰਦਰ 4 ਹਥਿਆਰਬੰਦ ਲੁਟੇਰੇ ਦਾਖਲ ਹੋ ਗਏ। ਇਸੇ ਦੌਰਾਨ ਸੁਨਿਆਰੇ ਨੇ ਵੀ ਆਪਣਾ ਪਿਸਤੌਲ ਕੱਢ ਲਿਆ ਤੇ ਦੋਵਾਂ ਧਿਰਾਂ ਦਰਮਿਆਨ ਕਈ ਗੋਲੀਆਂ ਚੱਲੀਆਂ। ਗੋਲੀਬਾਰੀ ਦੌਰਾਨ ਸੁਨਿਆਰੇ ਨੂੰ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਜਿਥੇ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਸੁਨਿਆਰੇ ਦੀ ਪਛਾਣ ਕੁਲਦੀਪ ਰਾਜ ੳਰਫ ਦੀਪਕ ਵਾਸੀ ਬੈਠਕ ਕਲੋਨੀ ਵਜੋਂ ਹੋਈ ਹੈ। ਘਟਨਾ ਦੌਰਾਨ ਲੁਟੇਰਾ ਵੀ ਜ਼ਖਮੀ ਹੋਇਆ ਜਿਸ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਪੁਲੀਸ ਦੇ ਉਚ ਅਧਿਕਾਰੀ ਭਾਰੀ ਪੁਲੀਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਮੁਖਵਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਦੁਕਾਨ ਅੰਦਰ ਕੁੱਝ ਹਥਿਆਰਬੰਦ ਲੁਟੇਰੇ ਦਾਖਲ ਹੋ ਗਏ, ਜਿਨ੍ਹਾਂ ਦਾ ਮੁਕਾਬਲਾ ਕਰਦਿਆਂ ਉਨ੍ਹਾਂ ਦਾ ਸਾਥੀ ਮਾਰਿਆ ਗਿਆ। ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਜਾਂਚ ਅਤੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ 12 ਟੀਮਾਂ ਬਣਾਈਆਂ ਹਨ।