ਮਨੋਜ ਸ਼ਰਮਾ
ਬਠਿੰਡਾ, 15 ਨਵੰਬਰ
ਬਠਿੰਡਾ ਵਿੱਚ ਅੱਜ ਦੁਪਹਿਰੇ ਮੀਂਹ ਅਤੇ ਗੜੇ ਪਏ। 20 ਮਿੰਟਾਂ ਦੀ ਬਰਸਾਤ ਨਾਲ ਸ਼ਹਿਰ ਦੀਆਂ ਸੜਕਾਂ ਜਲ-ਥਲ ਹੋ ਗਈਆਂ। ਅੱਜ ਦੇ ਇਸ ਮੀਂਹ ਕਾਰਨ ਅਸਮਾਨੀ ਚੜ੍ਹੇ ਪਰਾਲੀ ਦੇ ਧੂੰਅੇ ਅਤੇ ਪ੍ਰਦੂਸ਼ਣ ਤੋਂ ਸ਼ਹਿਰ ਵਾਸੀਆਂ ਨੇ ਵੱਡੀ ਰਾਹਤ ਮਿਲੀ ਤੇ ਨਵੰਬਰ ਮਹੀਨੇ ਦੇ ਮੱਧ ਵਿਚ ਪਏ ਮੀਂਹ ਨਾਲ ਠੰਢ ਨੇ ਦਸਤਕ ਦੇ ਦਿੱਤੀ ਹੈ। ਬਠਿੰਡਾ ਦੇ ਆਸ-ਪਾਸ ਦੇ ਪੇਂਡੂ ਖੇਤਰ ਤਲਵੰਡੀ, ਗੋਨਿਆਣਾ, ਬੱਲੂਆਣਾ, ਮਹਿਮਾ ਸਰਜਾ, ਸਿਵੀਆ, ਬਹਿਮਣ ਦੀਵਾਨਾ, ਚੁੱਘੇ ਕਲਾਂ ਚੁੱਘੇ ਖ਼ੁਰਦ, ਮਾਈਸਰਖਾਨਾ, ਕੋਟ ਸਮੀਰ ਖੇਤਰਾਂ ਵਿਚ ਕਿਣਮਿਣ ਹੋਈ। ਮੌੜ ਹਲਕੇ ਦੇ ਪਿੰਡ ਕੋਟਲੀ ਦੇ ਕਿਸਾਨ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਹਲਕੀ ਬਾਰਸ਼ ਦੇ ਨਾਲ ਗੜੇ ਵੀ ਪਏ।
ਸਿਰਸਾ (ਪ੍ਰਭੂ ਦਿਆਲ): ਇਲਾਕੇ ਵਿੱਚ ਅੱਜ ਦੁਪਹਿਰ ਮੀਂਹ ਨਾਲ ਦਰਮਿਆਨੇ ਗੜੇ ਪਏ। ਮੀਂਹ ਪੈਣ ਨਾਲ ਜਿਥੇ ਝੋਨੇ ਦੀ ਵਾਢੀ ਤੇ ਕਣਕ ਦੀ ਬੀਜਾਈ ਦਾ ਕੰਮ ਪ੍ਰਭਾਵਿਤ ਹੋਇਆ ਹੈ। ਮੀਂਹ ਨਾਲ ਗੜੇ ਪੈਣ ਕਾਰਨ ਠੰਢ ਦਾ ਵੀ ਆਗਾਜ਼ ਹੋ ਗਿਆ ਹੈ। ਮੀਂਹ ਪੈਣ ਨਾਲ ਇਕ ਵਾਰ ਝੋਨੇ ਦੀ ਵਾਢੀ ਦਾ ਕੰਮ ਰੁਕਿਆ ਹੈ। ਕਣਕ ਦੀ ਬੀਜਾਈ ਦਾ ਜਿਥੇ ਕੰਮ ਰੁੱਕਿਆ ਹੈ ਉਥੇ ਹੀ ਪੱਕੇ ਵਟ ਦੀ ਜ਼ਮੀਨ ’ਚ ਕਣਕ ਦੇ ਕੁਰੰਡ ਹੋਣ ਦਾ ਵੀ ਖਦਸ਼ਾ ਹੈ। ਕਈ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਮੀਂਹ ਨਾਲ ਦਰਮਿਆਨੇ ਗੜੇ ਆਏ ਹਨ।
ਟੱਲੇਵਾਲ(ਲਖਵੀਰ ਸਿੰਘ ਚੀਮਾ): ਐਤਵਾਰ ਬਾਅਦ ਦੁਪਹਿਰ ਮੀਂਹ ਦੇ ਨਾਲ ਹੋਈ ਗੜੇਮਾਰੀ ਕਾਰਨ ਹਜ਼ਾਰਾਂ ਏਕੜ ਕਣਕ ਸਮੇਤ ਹੋਰਨਾਂ ਫਸਲਾਂ ਦੇ ਨੁਕਸਾਨ ਦਾ ਖ਼ਦਸ਼ਾ ਹੈ। ਬਰਨਾਲਾ ਜ਼ਿਲ੍ਹੇ ਦੇ ਅਨੇਕਾਂ ਪਿੰਡਾਂ ਵਿੱਚ ਅੱਜ ਤੇਜ਼ ਹਵਾ ਦੇ ਨਾਲ ਮੀਂਹ ਅਤੇ ਗੜੇਮਾਰੀ ਹੋਈ, ਜਿਸ ਕਾਰਨ ਕਣਕ ਦੀ ਫ਼ਸਲ ਨੂੰ ਵੱਡਾ ਨੁਕਸਾਨ ਹੋਇਆ ਹੈ। ਕਿਸਾਨ ਮੱਖਣ ਸਿੰਘ ਅਤੇ ਬਿੰਦਰ ਭੋਤਨਾ ਨੇ ਦੱਸਿਆ ਕਿ ਇਸ ਗੜੇਮਾਰੀ ਕਾਰਨ ਹਰੀ ਹੋ ਚੁੱਕੀ ਕਣਕ ਨੂੰ ਨੁਕਸਾਨ ਪੁੱਜਿਆ ਹੈ। ਇਸ ਦੇ ਨਾਲ ਹੀ ਨਵੀਂ ਬੀਜੀ ਗਈ ਫਸਲ ਦੇ ਕਰੋੜ ਹੋਣ ਦਾ ਵੀ ਡਰ ਬਣ ਗਿਆ ਹੈ, ਜਦੋਂਕਿ ਹਰੇ ਚਾਰੇ, ਸਬਜ਼ੀਆਂ ਦੀਆਂ ਫਸਲਾਂ ਨੂੰ ਨੁਕਸਾਨ ਹੋਇਆ ਹੈ।
ਉਧਰ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਜ਼ਿਲ੍ਹਾ ਵਿਭਾਗ ਮੁਖੀ ਡਾ. ਬਲਦੇਵ ਸਿੰਘ ਨੇ ਕਿਹਾ ਕਿ ਜੇ ਗੜੇਮਾਰੀ ਜ਼ਿਆਦਾ ਹੋਈ ਹੈ ਤਾਂ ਇਸ ਨਾਲ ਕਣਕ ਸਮੇਤ ਸਰ੍ਹੋਂ, ਚਾਰੇ ਅਤੇ ਸਬਜ਼ੀਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਸ ਸਬੰਧੀ ਵਿਭਾਗ ਵੱਲੋਂ ਭਲਕੇ ਪ੍ਰਭਾਵਿਤ ਪਿੰਡਾਂ ਦਾ ਮੌਕਾ ਦੇਖਿਆ ਜਾਵੇਗਾ।