ਚਰਨਜੀਤ ਭੁੱਲਰ
ਚੰਡੀਗੜ੍ਹ, 1 ਅਗਸਤ
ਪੰਜਾਬ ਸਰਕਾਰ ਨੇ ਬਠਿੰਡਾ ਦੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਮਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਖੁਰਾਕ ਇੰਸਪੈਕਟਰਾਂ ਵਲੋਂ ਜ਼ਿਲ੍ਹਾ ਕੰਟਰੋਲਰ ’ਤੇ ਵਗਾਰ ਵਿੱਚ ਕੋਠੀ ਦਾ ਸਮਾਨ ਇਕੱਠਾ ਕਰਨ ਦੇ ਦੋਸ਼ ਲਾਏ ਗਏ ਸਨ। ‘ਪੰਜਾਬੀ ਟ੍ਰਿਬਿਊਨ’ ਨੇ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ।
ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਮਨਦੀਪ ਸਿੰਘ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦਾ ਮੁਅੱਤਲੀ ਦੌਰਾਨ ਹੈੱਡਕੁਆਰਟਰ ਚੰਡੀਗੜ੍ਹ ਮੁੱਖ ਦਫ਼ਤਰ ਹੋਵੇਗਾ। ਮਨਦੀਪ ਸਿੰਘ ਬਠਿੰਡਾ ਵਿਚ ਕਾਰਜਕਾਰੀ ਜ਼ਿਲ੍ਹਾ ਕੰਟਰੋਲਰ ਸਨ। ਪੰਜਾਬ ਸਰਕਾਰ ਨੇ ਹੁਣ ਫਿਲਹਾਲ ਬਠਿੰਡਾ ਦੇ ਜ਼ਿਲ੍ਹਾ ਕੰਟਰੋਲਰ ਦਾ ਵਾਧੂ ਚਾਰਜ ਜਸਪ੍ਰੀਤ ਸਿੰਘ ਕਾਹਲੋਂ ਨੂੰ ਦੇ ਦਿੱਤਾ ਹੈ, ਜੋ ਫ਼ਰੀਦਕੋਟ ਵਿਚ ਤਾਇਨਾਤ ਹਨ। ਦੱਸਣਯੋਗ ਹੈ ਕਿ ਖੁਰਾਕ ਇੰਸਪੈਕਟਰਾਂ ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਆਖਿਆ ਸੀ ਕਿ ਜ਼ਿਲ੍ਹਾ ਕੰਟਰੋਲਰ ਨੇ ਬਠਿੰਡਾ ਵਿਚ ਕਿਰਾਏ ’ਤੇ ਜੋ ਕੋਠੀ ਲਈ ਹੈ, ਉਸ ਦਾ ਸਾਰਾ ਸਮਾਨ ਇੰਸਪੈਕਟਰਾਂ ਤੋਂ ਵਗਾਰ ਵਿਚ ਲਿਆ ਗਿਆ ਹੈ। ਊਨ੍ਹਾਂ ਨੇ ਬਦਲੀਆਂ ਦੇ ਨਾਮ ’ਤੇ ਡਰ ਪੈਦਾ ਕਰਨ ਦੇ ਦੋਸ਼ ਵੀ ਲਾਏ ਸਨ। ਖੁਰਾਕ ਤੇ ਸਪਲਾਈ ਇੰਸਪੈਕਟਰਾਂ ਨੇ ਸਬੂਤ ਵਜੋਂ ਕੁਝ ਆਡੀਓ ਤੇ ਵੀਡੀਓ ਕਲਿੱਪ ਵੀ ਭੇਜੇ ਸਨ।
ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਹੈ ਕਿ ਵੀਡੀਓ ਕਲਿੱਪ ਦੇਖਣ ਮਗਰੋਂ ਕੋਈ ਸ਼ੱਕ ਨਹੀਂ ਰਹਿ ਗਿਆ ਸੀ, ਜਿਸ ਕਰਕੇ ਜ਼ਿਲ੍ਹਾ ਕੰਟਰੋਲਰ ਨੂੰ ਫੌਰੀ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅਧਿਕਾਰੀ ਨੂੰ ਚਾਰਜਸ਼ੀਟ ਕੀਤਾ ਜਾਵੇਗਾ ਅਤੇ ਆਉਂਦੇ ਹਫ਼ਤੇ ਮਾਮਲੇ ਦੀ ਵਿਭਾਗੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਮਗਰੋਂ ਵਿਭਾਗ ਪੁਲੀਸ ਕੇਸ ਜਾਂ ਵਿਜੀਲੈਂਸ ਕੇਸ ਦਰਜ ਕਰਾਉਣ ਬਾਰੇ ਤੈਅ ਕਰੇਗਾ। ਸੋਮਵਾਰ ਨੂੰ ਨਵੇਂ ਅਧਿਕਾਰੀ ਦੀ ਬਠਿੰਡਾ ’ਚ ਤਾਇਨਾਤੀ ਕਰ ਦਿੱਤੀ ਜਾਵੇਗੀ ਅਤੇ ਫਿਲਹਾਲ ਵਾਧੂ ਚਾਰਜ ਦਿੱਤਾ ਗਿਆ ਹੈ।