ਸ਼ਗਨ ਕਟਾਰੀਆ
ਬਠਿੰਡਾ, 30 ਜੂਨ
ਖੇਤੀ ਕਾਨੂੰਨਾਂ ਦੀ ਮੁਖ਼ਾਲਫ਼ਤ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਅੱਜ ਇੱਥੇ ਭਾਜਪਾ ਆਗੂ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਏਮਜ਼ ਵਿੱਚ ਪਹੁੰਚਣ ਵਿੱਚ ਕਾਮਯਾਬ ਹੋ ਗਏ। ਸ੍ਰੀ ਮਲਿਕ ਅੱਜ ਇੱਥੇ ਏਮਜ਼ ਦੇ ਆਯੂਸ਼ ਭਵਨ ਵਿੱਚ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਕਿਸਾਨਾਂ ਨੂੰ ਭਾਜਪਾ ਆਗੂ ਦੀ ਆਮਦ ਦਾ ਪਤਾ ਲੱਗਣ ‘ਤੇ ਉਹ ਏਮਜ਼ ਦੇ ਮੁੱਖ ਗੇਟ ’ਤੇ ਡੱਟ ਗਏ। ਪੁਲੀਸ ਨੇ ਉਨ੍ਹਾਂ ਨੂੰ ਬੈਰੀਕੇਡਿੰਗ ਕਰਕੇ ਘਰੇ ਿਲਆ ਪਰ ਜਿਵੇਂ ਹੀ ਸ੍ਰੀ ਮਲਿਕ ਦੀ ਗੱਡੀਆਂ ਦਾ ਕਾਫਿਲਾ ਆਇਆ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ ਪਰ ਪੁਲੀਸ ਨੇ ਉਨ੍ਹਾਂ ਨੂੰ ਗੱਡੀਆਂ ਨਾ ਰੋਕਣ ਦਿੱਤੀਆਂ। ਇਸ ਤਰ੍ਹਾਂ ਭਾਜਪਾ ਆਗੂ ਏਮਜ਼ ’ਚ ਤਾਂ ਦਖਲ ਹੋ ਗਏ ਪਰ ਕਿਸਾਨ ਹਾਲੇ ਵੀ ਗੇਟ ’ਤੇ ਡਟੇ ਹੋਏ ਹਨ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿਚ ਵਿਰੋਧ ਕਰਨ ਲਈ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਭਾਜਪਾ ਨਾਲ ਸਬੰਧਤ ਕਿਸੇ ਵੀ ਆਗੂ ਨੂੰ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪੈਰ ਨਹੀਂ ਪਾਉਣ ਦਿੱਤਾ ਜਾਵੇਗਾ।