ਸ਼ਗਨ ਕਟਾਰੀਆ
ਬਠਿੰਡਾ, 7 ਜੁਲਾਈ
ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਦੀ ਅੱਜ ਉਸ ਦੇ ਨਿੱਜੀ ਗੰਨਮੈਨ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਅਨੁਸਾਰ ਕੁਲਬੀਰ ਨਰੂਆਣਾ ’ਤੇ ਉਸ ਦੇ ਨਿੱਜੀ ਅੰਗ ਰੱਖਿਅਕ ਮਨਪ੍ਰੀਤ ਸਿੰਘ ਉਰਫ ਮੰਨਾ ਵੱਲੋਂ ਗੋਲੀਆਂ ਦਾਗ਼ੀਆਂ ਗਈਆਂ। ਹਮਲਾਵਰ ਵੱਲੋਂ ਕੁਲਬੀਰ ਦੇ ਸਾਥੀ ਚਮਕੌਰ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਘਟਨਾ ਦੌਰਾਨ ਦੋਵਾਂ ਦੀ ਮੌਤ ਹੋ ਗਈ। ਕੁਝ ਦਿਨ ਪਹਿਲਾਂ ਕੁਲਬੀਰ ਨਰੂਆਣਾ ਉੱਪਰ ਬਠਿੰਡਾ ਦੀ ਰਿੰਗ ਰੋਡ ‘ਤੇ ਵੀ ਘਾਤ ਲਾ ਕੇ ਹਮਲਾ ਹੋਇਆ ਸੀ। ਇਸ ਮੌਕੇ ਹੋਈ ਫਾਇਰਿੰਗ ਵਿਚ ਨਰੂਆਣਾ ਦਾ ਇਸ ਲਈ ਬਚਾਅ ਹੋ ਗਿਆ ਕਿਉਂਕਿ ਉਸ ਦੀ ਗੱਡੀ ਬੁਲੇਟ ਪਰੂਫ ਸੀ। ਉਸ ਮਾਮਲੇ ਸਬੰਧੀ ਪੁਲੀਸ ਨੇ ਨਰੂਆਣਾ ਦੇ ਬਿਆਨਾਂ ਦੇ ਆਧਾਰ ’ਤੇ ਕੁਝ ਗੈਂਗਸਟਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਸੀ।